ਅੱਜ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਪੇਸ਼ ਕੀਤਾ ਗਿਆ ਹੈ। ਪ੍ਰਸ਼ਨ ਕਾਲ ਤੋਂ ਬਾਅਦ ਦੁਪਹਿਰ 12 ਵਜੇ ਸਪੀਕਰ ਓਮ ਬਿਰਲਾ ਵੱਲੋਂ ਬਿੱਲ ਸਦਨ ਵਿੱਚ ਰੱਖਿਆ ਗਿਆ ਅਤੇ ਸਪੀਕਰ ਨੇ ਇਸ ‘ਤੇ ਚਰਚਾ ਲਈ 8 ਘੰਟੇ ਦਾ ਸਮਾਂ ਤੈਅ ਕੀਤਾ ਹੈ। ਇਸ ਵਿੱਚੋਂ NDA ਨੂੰ 4 ਘੰਟੇ 40 ਮਿੰਟ ਦਿੱਤੇ ਗਏ ਹਨ, ਬਾਕੀ ਸਮਾਂ ਵਿਰੋਧੀ ਧਿਰ ਨੂੰ ਮਿਲਿਆ ਹੈ।
ਚੰਦਰਬਾਬੂ ਨਾਇਡੂ ਦੀ TDP ਅਤੇ ਨਿਤੀਸ਼ ਕੁਮਾਰ ਦੀ JDU ਨੇ ਬਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਪਾਰਟੀਆਂ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਲਈ ਵ੍ਹਿੱਪ ਜਾਰੀ ਕਰ ਕੀਤਾ ਸੀ। ਦੂਜੇ ਪਾਸੇ ਵਿਰੋਧੀ ਧਿਰ ਬਿੱਲ ਦਾ ਵਿਰੋਧ ਕਰ ਰਹੀ ਹੈ। ਤਾਮਿਲਨਾਡੂ ਦੀ AIADMK, ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਅਤੇ ਕੇ ਚੰਦਰਸ਼ੇਖਰ ਰਾਓ ਦੀ BRS ਵਰਗੀਆਂ ਨਿਰਪੱਖ ਪਾਰਟੀਆਂ ਵੀ ਇਸ ਮਾਮਲੇ ਵਿੱਚ ਵਿਰੋਧੀ ਧਿਰ ਦੇ ਨਾਲ ਹਨ। ਕੱਲ੍ਹ, INDIA ਬਲਾਕ ਪਾਰਟੀਆਂ ਨੇ ਸੰਸਦ ਭਵਨ ਵਿੱਚ ਮੀਟਿੰਗ ਕੀਤੀ ਅਤੇ ਬਿੱਲ ‘ਤੇ ਆਪਣੀ ਰਣਨੀਤੀ ਬਾਰੇ ਚਰਚਾ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਮੰਗਲਵਾਰ ਨੂੰ ਸੰਸਦੀ ਬੋਰਡ ਦੀ ਮੀਟਿੰਗ ਦੌਰਾਨ ਵਕਫ਼ (ਸੋਧ) ਬਿੱਲ ਵਿਰੁੱਧ ਮਤਾ ਪਾਸ ਕਰਦਿਆਂ ਕਿਹਾ ਕੇ ਘੱਟ ਗਿਣਤੀਆਂ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਭਾਈਚਾਰੇ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਕਾਨੂੰਨ ਪਾਸ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਬਿੱਲ ਦੀ ਤੁਲਨਾ ਪਟਨਾ ਵਿੱਚ ਸਿੱਖਾਂ ਲਈ ਹਜ਼ੂਰ ਸਾਹਿਬ ਬੋਰਡ ਦੇ ਦਖਲਾਂਦਾਜ਼ੀਆਂ ਕਰਕੇ ਆਪਣੇ ‘ਹੱਥ ਲੈਣ’ ਨਾਲ ਵੀ ਕੀਤੀ. ਵਕਫ਼ ਬਿੱਲ ਨੂੰ ਲੈ ਕੇ ਪੂਰੇ ਉੱਤਰ ਪ੍ਰਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੰਵੇਦਨਸ਼ੀਲ ਇਲਾਕਿਆਂ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੁਰਾਣੇ ਲਖਨਊ ਤੋਂ ਲੈ ਕੇ ਘੰਟਾ ਘਰ ਤੱਕ ਹਰ ਜਗ੍ਹਾ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।