India

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਜਾਰੀ! ਸੋਨੀਪਤ-ਪੰਚਕੂਲਾ ’ਚ EVM ਮਸ਼ੀਨ ਖਰਾਬ

ਬਿਉਰੋ ਰਿਪੋਰਟ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ।

ਅੱਜ ਸਵੇਰੇ ਸੋਨੀਪਤ ਅਤੇ ਪੰਚਕੂਲਾ ਵਿੱਚ ਈਵੀਐੱਮ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ ਮਿਲੀ ਹੈ। ਇਸ ਕਾਰਨ ਵੋਟਿੰਗ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਭ ਤੋਂ ਪਹਿਲਾਂ ਕਰਨਾਲ ਦੇ ਆਪਣੇ ਬੂਥ ’ਤੇ ਵੋਟ ਪਾਈ। ਸੀਐਮ ਨਾਇਬ ਸਿੰਘ ਸੈਣੀ ਨੇ ਵੀ ਨਰਾਇਣਗੜ੍ਹ ਵਿੱਚ ਵੋਟ ਪਾਈ।

ਦੂਜੇ ਪਾਸੇ ਸ਼ੂਟਿੰਗ ਖਿਡਾਰਨ ਅਤੇ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਅਤੇ ਸਾਬਕਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਵੋਟ ਪਾਈ। ਮਨੂ ਨੇ ਝੱਜਰ ’ਚ ਦੱਸਿਆ, “ਮੈਂ ਪਹਿਲੀ ਵਾਰ ਵੋਟ ਪਾਈ। ਸਾਰੇ ਵੋਟਰਾਂ ਨੂੰ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਆਪਣੀ ਵੋਟ ਪਾਉਣੀ ਚਾਹੀਦੀ ਹੈ।”

Haryana assembly election 2024: Vinesh Phogat calls for votes

464 ਆਜ਼ਾਦ ਉਮੀਦਵਾਰਾਂ ਸਮੇਤ 1031 ਉਮੀਦਵਾਰ ਚੋਣ ਮੈਦਾਨ ਵਿੱਚ

ਇਸ ਚੋਣ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਕਾਂਗਰਸ ਦੇ ਵਿਨੇਸ਼ ਫੋਗਾਟ ਅਤੇ ਜੇਜੇਪੀ ਦੇ ਦੁਸ਼ਯੰਤ ਚੌਟਾਲਾ ਸਮੇਤ ਕੁੱਲ 1031 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ 464 ਆਜ਼ਾਦ ਉਮੀਦਵਾਰ ਹਨ।

ਸੂਬੇ ਵਿੱਚ ਪਹਿਲੀ ਵਾਰ 5 ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਜਨਨਾਇਕ ਜਨਤਾ ਪਾਰਟੀ (ਜੇਜੇਪੀ), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਆਮ ਆਦਮੀ ਪਾਰਟੀ (ਆਪ) ਚੋਣ ਮੈਦਾਨ ਵਿੱਚ ਹਨ। ਭਾਜਪਾ ਅਤੇ ‘ਆਪ’ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਹੋਰਨਾਂ ਪਾਰਟੀਆਂ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀਆਂ ਹਨ। ਕਾਂਗਰਸ ਨੇ ਇੱਕ ਸੀਟ ’ਤੇ ਸੀਪੀਆਈ-ਐਮ ਨਾਲ ਗਠਜੋੜ ਕੀਤਾ ਹੈ। ਜੇਜੇਪੀ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ (ਏਐਸਪੀ) ਨਾਲ ਚੋਣ ਲੜ ਰਹੀ ਹੈ, ਜਦਕਿ ਇਨੈਲੋ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਲੜ ਰਹੀ ਹੈ।

ਸੱਤਾਧਾਰੀ ਭਾਜਪਾ ਰਾਜ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਦੀ ਉਮੀਦ ਕਰ ਰਹੀ ਹੈ, ਜਦੋਂ ਕਿ ਕਾਂਗਰਸ ਇੱਕ ਦਹਾਕੇ ਬਾਅਦ ਵਾਪਸੀ ਦੀ ਉਮੀਦ ਕਰ ਰਹੀ ਹੈ।