India

ਮਣੀਪੁਰ ਦੀਆਂ 22 ਸੀਟਾਂ ‘ਤੇ ਅੱਜ ਦੂਜੇ ਅਤੇ ਆਖਰੀ ਪੜਾਅ ‘ਚ ਵੋਟਿੰਗ

‘ਦ ਖ਼ਾਲਸ ਬਿਊਰੋ :ਮਨੀਪੁਰ ਵਿੱਚ ਦੂਜੇ ਅਤੇ ਆਖਰੀ ਪੜਾਅ ਵਿੱਚ ਕੁੱਲ 22 ਵਿਧਾਨ ਸਭਾ ਸੀਟਾਂ ਲਈ ਚੋਣਾਂ ਸ਼ੁਰੂ ਹੋ ਗਈਆਂ ਹਨ। ਛੇ ਜ਼ਿਲ੍ਹਿਆਂ ਦੀਆਂ ਇਨ੍ਹਾਂ 22 ਸੀਟਾਂ ’ਤੇ ਕੁੱਲ 92 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਵੋਟਰ ਕਰਨਗੇ।ਰਾਜ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਸੁਰੱਖਿਆ ਦੇ ਪ੍ਰੋਟੋਕੋਲ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਕੁੱਲ 1247 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਕਮਿਸ਼ਨ ਨੇ ਚੋਣਾਂ ਦੇ ਇਸ ਪੜਾਅ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਹਨ। ਕੇਂਦਰੀ ਅਰਧ ਸੈਨਿਕ ਬਲਾਂ ਦੇ ਕਰੀਬ 20,000 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਪੜਾਅ ਵਿੱਚ ਕੁੱਲ 8.38 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚੋਂ 4.28 ਲੱਖ ਵੋਟਰ ਔਰਤਾਂ ਹਨ। 223 ਪੋਲਿੰਗ ਬੂਥਾਂ ਨੂੰ ਗੁਲਾਬੀ ਬੂਥ ਬਣਾਇਆ ਗਿਆ ਹੈ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ।
ਚੋਣ ਕਮਿਸ਼ਨ ਨੇ ਮਣੀਪੁਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ 12 ਪੋਲਿੰਗ ਸਟੇਸ਼ਨਾਂ ‘ਤੇ ਮੁੜ ਮਤਦਾਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਸੀਟਾਂ ‘ਤੇ 28 ਫਰਵਰੀ ਨੂੰ ਵੋਟਿੰਗ ਹੋਈ ਸੀ। ਦੁਬਾਰਾ ਪੋਲਿੰਗ ‘ਤੇ ਵਿਚਾਰ ਕਰਨ ਦਾ ਮੁੱਖ ਕਾਰਨ ਪੋਲਿੰਗ ਦੌਰਾਨ ਅਤੇ ਬਾਅਦ ‘ਚ ਸ਼ਰਾਰਤੀ ਅਨਸਰਾਂ ਵੱਲੋਂ ਈਵੀਐੱਮ ਨੂੰ ਨੁਕਸਾਨ ਪਹੁੰਚਾਉਣਾ ਹੈ।
ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕੇਂਦਰਾਂ ਵਿੱਚ 5 ਮਾਰਚ ਨੂੰ ਵੋਟਾਂ ਪੈਣਗੀਆਂ। ਜਿਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਮੁੜ ਪੋਲਿੰਗ ਹੋਵੇਗੀ, ਉਹ ਖੁੰਦਰਾਕਾਪਮ, ਸੈਤੂ, ਥਾਨਲੋਨ, ਹੇਂਗਲਾਪ ਅਤੇ ਚੂਰਾਚੰਦਪੁਰ ਵਿਧਾਨ ਸਭਾ ਹਲਕਿਆਂ ਵਿੱਚ ਸਥਿਤ ਹਨ।
ਸੂਬੇ ‘ਚ ਚੋਣਾਂ ਦੇ ਪਹਿਲੇ ਪੜਾਅ ‘ਚ 28 ਫਰਵਰੀ ਨੂੰ 38 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਈ ਸੀ। ਇਹਨਾਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।