‘ਦ ਖ਼ਾਲਸ ਬਿਊਰੋ : ਸੰਗਰੂਰ ਲੋਕਸਭਾ ਜ਼ਿਮਨੀ ਚੋਣ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਜੋ ਕਿ ਸ਼ਾਮ 6 ਵਜੇ ਤੱਕ ਹੋਵੇਗੀ। ਚੋਣ ਪ੍ਰਕ੍ਰਿਆ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੁੱਲ 15,69,240 ਵੋਟਰ 1,766 ਪੋਲਿੰਗ ਬੂਥਾਂ ‘ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ 296 ਸੰਵੇਦਨਸ਼ੀਲ ਹਨ। ਕੁੱਲ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿੰਨਾਂ ਵਿੱਚੋਂ 13 ਪੁਰਸ਼ ਅਤੇ ਤਿੰਨ ਔਰਤਾਂ ਚੋਣ ਮੈਦਾਨ ਵਿੱਚ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।
ਇਹ ਲੋਕ ਸਭਾ ਹਲਕਾ 9 ਵਿਧਾਨ ਸਭਾ ਸੀਟਾਂ ਲਹਿਰਾਗਾਗਾ, ਦਿੜ੍ਹਬਾ, ਸੁਨਾਮ, ਧੂਰੀ, ਸੰਗਰੂਰ (ਸਾਰੇ ਸੰਗਰੂਰ ਜ਼ਿਲ੍ਹੇ ਵਿੱਚ), ਮਲੇਰਕੋਟਲਾ (ਮਲੇਰਕੋਟਲਾ ਜ਼ਿਲ੍ਹੇ ਵਿੱਚ), ਬਰਨਾਲਾ, ਭਦੌੜ ਅਤੇ ਮਹਿਲ ਕਲਾਂ (ਬਰਨਾਲਾ ਜ਼ਿਲ੍ਹੇ ਵਿੱਚ) ਹਨ। ਇਹ ਸੀਟ ਸਿਆਸੀ ਧਿਰਾਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਕਈ ਦਿੱਗਜਾਂ ਦੀ ਕਿਸਮਤ ਦਾਅ ਤੇ ਲੱਗੀ ਹੋਈ ਹੈ। ਸੰਗਰੂਰ ਚੋਣ ‘ਚ ਇਸ ਵਾਰ ਪੰਜਕੋਣੀ ਟੱਕਰ ਹੈ। ਸੱਤਾਧਾਰੀ ‘ਆਪ’ ਲਈ ਇਹ ਸੀਟ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਪਾਰਟੀ 2014 ਤੋਂ ਹਮੇਸ਼ਾ ਜਿੱਤਦੀ ਰਹੀ ਹੈ। ਪੰਜਾਬ ਦੀਆਂ ਬਾਕੀ 12 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਅੱਠ ਮੈਂਬਰ ਹਨ, ਜਦੋਂ ਕਿ ਭਾਜਪਾ ਅਤੇ ਅਕਾਲੀ ਦਲ ਦੇ ਦੋ-ਦੋ ਮੈਂਬਰ ਹਨ।
ਇਸ ਸੀਟ ਲਈ ‘ਆਪ’ ਵੱਲੋਂ ਗੁਰਮੇਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।