ਬਿਉਰੋ ਰਿਪੋਰਟ – ਪੰਜਾਬ ਵਿੱਚ ਵੋਟ ਫੀਸਦ 70 ਫੀਸਦੀ ਕਰਨ ਦੇ ਲਈ ਬਾਘਾਪੁਰਾਣਾ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਹਰਕੰਵਲਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਸਵੇਰੇ ਪਹਿਲਾਂ ਪੁੱਜਣ ਵਾਲੇ ਵੋਟਰਾਂ ਦਾ ਸਕੂਲ ਬੈਂਡ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਬੂਥ ‘ਤੇ ਫਲਦਾਰ ਬੂਟੇ ਵੰਡੇ ਜਾਣਗੇ। ਇਸ ਦੇ ਨਾਲ ਪਹਿਲੇ ਸੱਤ ਨੌਜਵਾਨ ਵੋਟਰਾਂ ਨੂੰ ਪ੍ਰਸੰਸਾ ਪੱਤਰ, ਫੁੱਟਬਾਲ ਅਤੇ ਟੀ-ਸਰਟ ਦੇ ਕੇ ਉਹਨਾਂ ਦੀ ਹੌਸਲਾ- ਅਫਜਾਈ ਕੀਤੀ ਜਾਵੇਗੀ ਅਤੇ ਨਾਲ ਹੀ ਹਰੇਕ ਵੋਟਰ ਨੂੰ ਗੱਤੇ ਦੇ ਬਣੇ ਬੈਜ ਲਗਾਏ ਜਾਣਗੇ। ਰੰਗੋਲੀ ਬਣਾ ਕੇ ਅਤੇ ਗੁਬਾਰਿਆਂ ਨਾਲ ਬੂਥ ਦੀ ਵਿਸ਼ੇਸ਼ ਸਜਾਵਟ ਕੀਤੀ ਜਾਵੇਗੀ।
ਬਾਘਾਪੁਰਾਣਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੰਕ ਬੂਥ ਤੇ ਪਹਿਲੀਆਂ 20 ਨਵੀਆਂ ਵੋਟਰਾਂ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ। ਇਸ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਝਾਕੀ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਪੋਲਿੰਗ ਬੂਥ ਉੱਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ। ਬਾਘਾਪੁਰਾਣਾ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ 61.47 ਫ਼ੀਸਦੀ ਵੋਟਾਂ ਪਈਆਂ ਸਨ। ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 70 ਫ਼ੀਸਦੀ ਤੋਂ ਵਧੇਰੇ ਵੋਟਾਂ ਪਵਾਉਣ ਦਾ ਟੀਚਾ ਹੈ।
ਵੋਟਰਾਂ ਨੂੰ ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ – ਸਿਬਿਨ ਸੀ ਦਾ ਵੱਡਾ ਐਲਾਨ, ਪੋਲਿੰਗ ਸਟੇਸ਼ਨਾਂ ‘ਤੇ ਨਹੀਂ ਹੋਵੇਗੀ ਤੰਬਾਕੂ ਦੀ ਵਰਤੋਂ