India Punjab

ਵੋਲਵੋ ਬੱਸਾਂ ਦੀ ਸਰਵਿਸ ਅੱਜ ਤੋਂ ਸ਼ੁਰੂ, ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇਣਗੇ ਹਰੀ ਝੰਡੀ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ  ਮਾਨ ਵਾਲਵੋ ਬੱਸਾਂ ਨੂੰ ਰਵਾਨਾ ਕਰਨ ਲਈ ਅੱਜ ਜਲੰਧਰ ਪਹੁੰਚ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਇੱਥੋਂ ਦਿੱਲੀ ਵਿਚ ਕੌਮਾਂਤਰੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। 

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ

ਅੱਜ ਤੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਵਾਲਵੋ ਬੱਸ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਕਿਰਾਇਆ ਪ੍ਰਤੀ ਸਵਾਰੀ 1170 ਰੁਪਏ ਹੋਵੇਗਾ। ਵਾਲਵੋ ਬੱਸਾਂ ਨੂੰ ਦਿੱਲੀ ਦੇ ਸੀਐੱਮ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰੀਮੀਅਮ ਬੱਸ ਸਰਵਿਸ ਨਾਲ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਅਜੇ ਤੱਕ ਪ੍ਰਾਈਵੇਟ ਬੱਸਾਂ ‘ਤੇ ਸੀ। ਉਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ ਵਿਚ ਇੱਕ ਯਾਤਰੀ ਨੂੰ ਲਗਭਗ 2300 ਰੁਪਏ ਤੱਕ ਦੀ ਬਚਤ ਹੋਵੇਗੀ। ਸਰਕਾਰੀ ਬੱਸਾਂ ਏਅਰਪੋਰਟ ਟਰਮੀਨਲ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਯਾਤਰੀਆਂ ਨੂੰ ਉਤਾਰੇਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ  ਮਾਨ

ਇਹ ਸਮਾਰੋਹ ਅੱਜ ਦੁਪਿਹਰ 1 ਤੋਂ 2 ਵਜੇ ਹੋਵੇਗਾ। ਇਸ ਦੌਰਾਨ ਜਲੰਧਰ ਸਿਟੀ ਤੋਂ ਟ੍ਰੈਫਿਕ ਡਾਇਵਰਟ ਹੋਵੇਗਾ। ਬੱਸ ਸਟੈਂਡ ਦੇ 1 ਨੰਬਰ ਗੇਟ ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੂਰਤੀ ਕੋਲੋਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਇਸ ਲਈ ਗੇਟ ਨੰਬਰ 1 ਦਾ ਏਰੀਆ ਬੰਦ ਰਹੇਗਾ ਬਾਕੀ ਬੱਸ ਸਟੈਂਡ ਚੱਲਦਾ ਰਹੇਗਾ। ਯਾਤਰੀ ਰੈਗੂਲਰ ਤਰੀਕੇ ਨਾਲ ਬੱਸ ਫੜ ਸਕਣਗੇ। ਜਿਥੋਂ ਵੀਆਈਪੀ ਗੱਡੀਆਂ ਦਾ ਕਾਫਲਾ ਲੰਘੇਗਾ, ਉਥੋਂ ਟ੍ਰੈਫਿਕ ਡਾਇਵਰਟ ਹੋਵੇਗਾ।    

   

ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਦਿੱਲੀ ਤੋਂ ਟਰਾਂਸਪੋਰਟ ਮੰਤਰੀ, ਸਕੱਤਰ ਅਤੇ ਅਧਿਕਾਰੀਆਂ ਦੀ ਟੀਮ ਆਵੇਗੀ। ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਰੋਡਵੇਜ਼ ਦੇ ਜਨਰਲ ਮੈਨੇਜਰ ਪੁੱਜਣਗੇ। ਅਰਵਿੰਦ ਕੇਜਰੀਵਾਲ ਕਰੀਬ 12:50 ਵਜੇ ਆਦਮਪੁਰ ਏਅਰਪੋਰਟ ਤੋਂ ਜਲੰਧਰ ਬੱਸ ਸਟੈਂਡ ਪਹੁੰਚਣਗੇ। ਵੋਲਵੋ ਬੱਸ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦਿੱਲੀ ਹਵਾਈ ਅੱਡੇ ਲਈ ਹਰੀ ਝੰਡੀ ਦਿੱਤੀ ਜਾਵੇਗੀ।

ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਲਈ ਰੋਡਵੇਜ਼ ਅੰਮ੍ਰਿਤਸਰ-1 ਦੀ ਬੱਸ ਸਵੇਰੇ 9:20 ਤੋਂ ਅਤੇ ਜਲੰਧਰ ਤੋਂ 11:40 ਤੇ ਚੱਲ ਕੇ ਰਾਤ 20:10 ਵਜੇ ਦਿੱਲੀ ਏਅਰਪੋਰਟ ’ਤੇ ਪੁੱਜੇਗੀ ਅਤੇ ਸਵੇਰੇ 2.40 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਦੀ ਬੱਸ ਦੁਪਹਿਰ 13.40 ਤੇ ਅੰਮ੍ਰਿਤਸਰ ਤੋਂ ਅਤੇ 16.20 ਤੇ ਜਲੰਧਰ ਤੋਂ ਚੱਲ ਕੇ ਰਾਤ 00.35 ਤੇ ਦਿੱਲੀ ਏਅਰਪੋਰਟ ’ਤੇ ਪੁੱਜੇਗੀ ਅਤੇ ਸਵੇਰੇ 05.00 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ।

ਇਨ੍ਹਾਂ ਏਸੀ ਵੋਲਵੋ ਬੱਸਾਂ ਦੀਆਂ ਟਿਕਟਾਂ ਦੀ ਬੁਕਿੰਗ ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੀ ਵੈਬਸਾਈਟ ਤੇ ਉਪਲੱਬਧ ਹੋਵੇਗੀ।