‘ਦ ਖ਼ਾਲਸ ਬਿਊਰੋ : ਸਿੱਖ ਧਰਮ ਉੱਤੇ ਜਾਣੇ ਅਨਜਾਣੇ ਹਮਲੇ ਜਾਰੀ ਹਨ। ਕਦੇ ਗੁਰੂ ਸਾਹਿਬਾਨ ਜੀ ਦੀਆਂ ਤਸਵੀਰਾਂ ਥੈਲਿਆਂ ਉੱਤੇ ਛਾਪੀਆਂ ਜਾਂਦੀਆਂ ਹਨ ਅਤੇ ਕਦੇ ਉਨ੍ਹਾਂ ਦੇ ਐਨੀਮੇਟਿਡ ਚਿੱਤਰ ਬਣਾ ਕੇ ਵੀਡੀਓ ਬਣਾਈਆਂ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਟੀਵੇਸ਼ਨਲ ਸਪੀਕਰ ਡਾ. ਵਿਵੇਕ ਬਿੰਦਰਾ ਵੱਲੋਂ ਦਸਮ ਪਾਤਸ਼ਾਹ ਜੀ ਦੀ ਇਤਰਾਜ਼ਯੋਗ ਐਨੀਮੇਸ਼ਨ ਬਣਾਉਣ ਉੱਤੇ ਨੋਟਿਸ ਭੇਜਿਆ ਹੈ। ਕਮੇਟੀ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਵੀ ਭੇਜੀ ਹੈ। ਸ਼੍ਰੋਮਣੀ ਕਮੇਟੀ ਨੇ ਦੋਸ਼ ਲਗਾਇਆ ਹੈ ਕਿ ਡਾ.ਬਿੰਦਰਾ ਨੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਇੱਕ ਵੀਡੀਓ ਵਿੱਚ ਐਨੀਮੇਸ਼ਨ ਬਣਾ ਕੇ ਪੇਸ਼ ਕੀਤਾ ਹੈ। ਕੁਝ ਤੱਥਾਂ ਨੂੰ ਬਿਨਾਂ ਜਾਣਿਆ ਗਲਤ ਦਿਖਾਇਆ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
SGPC ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਮੋਟੀਵੇਸ਼ਨਲ ਸਪੀਕਰ ਡਾ.ਬਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਸ਼ਨ ਬਣਾ ਦਿੱਤਾ। ਇਸ ਵੀਡੀਓ ਵਿੱਚ ਗੁਰੂ ਸਾਹਿਬ ਜੀ ਦੀਵਾਨ ਟੋਡਰ ਮਲ ਜੀ ਦੇ ਨਾਲ ਗੱਲ ਕਰਦੇ ਹੋਏ ਦਿਖਾਈ ਦਿੱਤੇ ਹਨ। ਵੀਡੀਓ ਵਿੱਚ ਦੀਵਾਨ ਟੋਡਰ ਮਲ ਜੀ ਨੂੰ ਜੈਨ ਧਰਮ ਦੇ ਨਾਲ ਜੋੜ ਕੇ ਦਿਖਾਇਆ ਗਿਆ ਹੈ ਜੋ ਗਲਤ ਜਾਣਕਾਰੀ ਹੈ। ਡਾ. ਬਿੰਦਰਾ ਇਸ ਤਰ੍ਹਾਂ ਦੀਆਂ ਗਲਤੀਆਂ ਪਹਿਲਾਂ ਵੀ ਕਰਦੇ ਰਹੇ ਹਨ, ਜਿਸਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਉੱਤੇ ਡਾ.ਬਿੰਦਰਾ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਦੱਸੇ ਗਏ ਤੱਥਾਂ ਦੀ ਜਾਂਚ ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ ਵੀ ਕਰਵਾਈ ਗਈ ਹੈ। ਬੋਰਡ ਨੇ ਵੀ ਵੀਡੀਓ ਵਿੱਚ ਤੱਥਾਂ ਨੂੰ ਗਲਤ ਦੱਸਿਆ ਹੈ।
ਸਿੱਖ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਵੀ ਐਨੀਮੇਸ਼ਨ ਫਿਲਮਾਂਕਣ ਦਿਖਾਉਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਖ਼ਤ ਮਨਾਹੀ ਕੀਤੀ ਹੋਈ ਹੈ।