‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਵਿਧਾਇਕ ਪਰਗਟ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਦੀ ਬੜੀ ਵੱਡੀ ਬਦਕਿਸਮਤੀ ਹੈ ਕਿ ਅੱਜ ਪੰਜਾਬ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਹੈ, ਜੋ ਪੰਜਾਬ ਦੇ ਅਸਲੀ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੇ। ਕੋਈ ਕਹਿੰਦਾ ਹੈ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੇ ਧਮਕੀ ਦਿੱਤੀ ਹੈ, ਕੋਈ ਕਹਿੰਦਾ ਹੈ ਕਿ ਕੈਪਟਨ ਦੇ ਰਾਜਨੀਤਿਕ ਸਲਾਹਕਾਰ ਸੰਦੀਪ ਸੰਧੂ ਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਹੈ। ਕੀ ਪਰਗਟ ਸਿੰਘ ਇੰਨੀ ਭਟਕਦੀ ਰੂਹ ਹੈ, ਇੰਨੀ ਦੁਖੀ ਆਤਮਾ ਹੈ, ਜਿਨ੍ਹਾਂ ਦੀ ਆਤਮਾ ਸਾਢੇ ਚਾਰ ਸਾਲਾਂ ਬਾਅਦ ਜਾਗਦੀ ਹੈ। ਤੁਸੀਂ ਪਿਛਲੀ ਸਰਕਾਰ ਵਿੱਚ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਬਾਹੋਂ ਫੜ ਕੇ ਸੱਤਾ ਵਿੱਚ ਲੈ ਕੇ ਆਇਆ, ਤੁਹਾਨੂੰ ਜਤਾਇਆ ਤੇ ਸਾਢੇ ਚਾਰ ਸਾਲਾਂ ਬਾਅਦ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ‘ਤੇ ਸਵਾਹ ਪਾ ਦਿੱਤੀ’।
ਵਲਟੋਹਾ ਨੇ ਕਿਹਾ ਕਿ ‘ਜੇ ਪਰਗਟ ਸਿੰਘ ਕਹਿੰਦੇ ਹਨ ਕਿ ਤੁਹਾਡੀ ਕੋਈ ਸੁਣਦਾ ਹੀ ਨਹੀਂ ਹੈ ਤਾਂ ਫਿਰ ਤੁਸੀਂ ਸਿਆਸਤ ਨੂੰ ਜੱਫੀ ਕਿਉਂ ਪਾ ਕੇ ਬੈਠੇ ਹੋ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਹੀ ਧਮਕੀ ਦਿੰਦੇ ਹਨ ਤਾਂ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਇਹ ਇੱਕ-ਦੂਜੇ ਨੂੰ ਧਮਕਾਉਣ ਵਾਲੀਆਂ ਖੇਡਾਂ ਨਾ ਖੇਡਣ, ਕਰੋਨਾ ਨਾਲ ਦੁਨੀਆ ਮਰ ਰਹੀ ਹੈ, ਉਸ ਬਾਰੇ ਕੁੱਝ ਕਰਨਾ ਚਾਹੀਦਾ ਹੈ’।