ਬਿਉਰੋ ਰਿਪੋਰਟ – ਅਕਾਲੀ ਦਲ ਤੋਂ ਅਸਤੀਫ਼ਾ ਦੇਣ ਦੇ ਬਾਅਦ ਵਿਰਸਾ ਸਿੰਘ ਵਲਟੋਹਾ (Virsa singh Valtoha) ਨੇ ਇੱਕ ਵਾਰ ਮੁੜ ਗਿਆਨੀ ਹਰਪ੍ਰੀਤ ਸਿੰਘ ‘ਤੇ ਸਵਾਲ ਚੁੱਕੇ ਹਨ ਅਤੇ ਪੂਰੀ ਕਾਰਵਾਈ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈਕੇ ਇਤਰਾਜ਼ ਜਤਾਇਆ ਹੈ । ਸਿਰਫ ਇੰਨਾਂ ਹੀ ਨਹੀਂ ਵਿਰਸਾ ਸਿੰਘ ਵਲਟੋਹਾ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਕਰਨ ਦਾ ਵੀ ਦਾਅਵਾ ਕੀਤਾ ਹੈ ।
ਵਿਰਸਾ ਸਿੰਘ ਵਲਟੋਹਾ ਨੇ ਆਪਣੀ ਮੁਆਫੀ ਅਤੇ ਸਪੱਸ਼ਟੀਕਰਨ ਦੀ ਚਿੱਠੀ ਨਸ਼ਰ ਕਰਦੇ ਹੋਏ ਲਿਖਿਆ ਮੇਰਾ ਸਵਾਲ ਪੰਥ ਦੀ ਕਚਹਿਰੀ ‘ਚ ਗਿਆਨੀ ਹਰਪ੍ਰੀਤ ਸਿੰਘ ਜੀ ਮੇਰੇ ਮਾਮਲੇ ਦੀ ਸੁਣਵਾਈ ਵਿੱਚ ਮਰਯਾਦਾ ਤੇ ਪ੍ਰੰਪਰਾਵਾਂ ਮੁਤਾਬਕ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਰੱਖਦੇ ਸੀ ? ਜਦਕਿ ਜਿੰਨਾਂ ਦੋਸ਼ਾਂ ਤਹਿਤ ਮੈਨੂੰ ਤਲਬ ਕੀਤਾ ਗਿਆ ਸੀ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਹੀ ਸੰਬੰਧਿਤ ਸਨ। ਪੇਸ਼ੀ ਸਮੇਂ ਜੋ ਮੈਥੋਂ ਸਬੂਤ ‘ਤੇ ਸਪੱਸ਼ਟੀਕਰਨ ਮੰਗਿਆ ਗਿਆ ਸੀ ਉਸ ਵਿੱਚ ਵੀ ਸਾਰਾ ਵੇਰਵਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਿਰੁੱਧ ਹੀ ਸੀ। ਮੇਰੇ ਪੇਸ਼ ਹੋਣ ‘ਤੇ ਸਭ ਤੋਂ ਪਹਿਲਾਂ ਮੇਰੇ ਕੋਲੋਂ ਸਪੱਸ਼ਟੀਕਰਨ ਤੇ ਸਬੂਤ ਮੰਗੇ ਗਏ।
ਮੇਰਾ ਸਪੱਸ਼ਟੀਕਰਨ ਜਿਸ ਵਿੱਚ ਮੈਂ ਸਬੂਤਾਂ ਸਮੇਤ ਸਾਰੇ ਦੋਸ਼ ਗਿਆਨੀ ਹਰਪ੍ਰੀਤ ਸਿੰਘ ਹੋਰਾਂ ‘ਤੇ ਲਾਏ ਸੀ ਉਹ ਸਵਾਲ ਜਵਾਬ ਸ਼ੁਰੂ ਹੋਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਬਾਕੀ ਸਿੰਘ ਸਾਹਿਬਾਨ ਨੇ ਵੀ ਵਿਸਥਾਰ ਨਾਲ ਪੜ ਲਏ ਸੀ। ਸਪੱਸ਼ਟੀਕਰਨ ਵਾਲੀ ਚਿੱਠੀ ਪੜ ਲੈਣ ਤੋਂ ਬਾਦ ਵੀ ਗਿਆਨੀ ਹਰਪ੍ਰੀਤ ਸਿੰਘ ਸੁਣਵਾਈ ਵਿੱਚ ਸ਼ਾਮਲ ਕਿਉਂ ਰਹੇ ? ਮੇਰਾ ਇਹ ਪੰਥਕ ਬੁੱਧੀਜੀਵੀਆਂ ਸਾਮਣੇ ਸਵਾਲ ਰੂਪੀ ਕੇਸ ਹੈ। ਅਖੀਰ ਵਿੱਚ ਵਲਟੋਹਾ ਨੇ ਲਿਖਿਆ ਸਪੱਸ਼ਟੀਕਰਨ ਵਾਲੀ ਅਰਜੀ ਵੀ ਪੋਸਟ ਵਿੱਚ ਪਾਈ ਜਾ ਰਹੀ ਹੈ ਅਤੇ ਹੋਰ ਤੱਥ ਤੇ ਖੁਲਾਸੇ ਲੜੀਵਾਰ ਜਲਦੀ ਜਲਦੀ ਕੀਤੇ ਜਾਇਆ ਕਰਨਗੇ ।
ਇੱਕ ਟੀਵੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਵਿਰਸਾ ਸਿੰਘ ਵਲਟੋਹਾ ਨੇ 27 ਨਵੰਬਰ 2022 ਤਤਕਾਲੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੋਹਰ ਦਾ ਵੀ ਹਵਾਲਾ ਦਿੱਤਾ । ਉਸ ਵੇਲੇ ਜਥੇਦਾਰ ਗੋਹਰ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਤਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੋਣ ਦੇ ਨਾਤੇ ਗਿਆਨ ਹਰਪ੍ਰੀਤ ਸਿੰਘ ਨੇ ਰਣਜੀਤ ਸਿੰਘ ਗੋਹਰ ਨੂੰ ਉਨ੍ਹਾਂ ਦੇ ਕੇਸ ਦੀ ਸੁਣਵਾਈ ਦੌਰਾਨ ਦੂਰ ਰੱਖਿਆ ਸੀ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਚ ਦਾਖਲ ਹੋਣ ਨਹੀਂ ਦਿੱਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਜਦੋਂ ਮੇਰੀ ਸ਼ਿਕਾਇਤ ਵੀ ਗਿਆਨ ਹਰਪ੍ਰੀਤ ਸਿੰਘ ਦੇ ਖਿਲਾਫ ਸੀ ਤਾਂ ਉਨ੍ਹਾਂ ਨੂੰ ਕਿਉਂ ਸੁਣਵਾਈ ਵਿੱਚ ਸ਼ਾਮਲ ਕੀਤਾ ਗਿਆ ।