‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਛੋਟੀ ਉਮਰ ਦੇ ਬੱਚਿਆਂ ਨੂੰ ਹੁਣ ਵਾਇਰਲ ਮੈਨਿਨਜੋਐਂਸੇਫਲਾਈਟਿਸ ਨਾਂ ਦੀ ਬੀਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਜੱਚਾ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿੱਚ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਹਰਸਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਵਾਇਰਲ ਦੀ ਲਾਗ ਵਾਲੇ ਬੱਚੇ ਹਸਪਤਾਲ ਦੇ ਬੱਚਾ ਐਂਮਰਜੈਂਸੀ ਵਾਰਡ ਵਿੱਚ ਲਗਾਤਾਰ ਭਰਤੀ ਹੋ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਮਰੀਜ਼ ਬੱਚਾ ਵਾਰਡ, ਯੂਨਿਟ-3 ਵਿੱਚ ਜ਼ੇਰੇ ਇਲਾਜ਼ ਹਨ।ਇਨ੍ਹਾਂ ਵਿੱਚ 2 ਸਾਲ ਦਾ ਅਰਸ਼ਦ, 11 ਸਾਲ ਦਾ ਮੋਹਿਤ, 5 ਸਾਲ ਦੀ ਸੁਨੈਨਾ ਤੇ 9 ਸਾਲ ਦੀ ਸੂਫੀਆ ਸ਼ਾਮਿਲ ਹੈ।
ਹਸਪਤਾਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੋਹਿਤ ਅਤੇ ਸੁਨੈਨਾ ਸਗੇ ਭੈਣ ਭਰਾ ਹਨ ਤੇ 10 ਦਿਨ ਪਹਿਲਾਂ ਹੀ ਯੂਪੀ ਤੋਂ ਆਏ ਹਨ। ਯੂਪੀ ਵਿੱਚ ਇਸ ਬਿਮਾਰੀ ਦੀ ਲਾਗ ਕਾਰਨ ਕਈ ਬੱਚਿਆਂ ਦੀ ਮੌਤ ਹੋਣ ਦੀ ਖਬਰ ਆ ਚੁੱਕੀ ਹੈ।
ਬੱਚਾ ਵਿਭਾਗ ਨੇ ਮੈਡੀਕਲ ਸੁਪਰੀਂਟੈਂਡੇਂਟ ਨੂੰ ਇਹ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕਰਦਿਆਂ ਹਸਪਤਾਲ ਵਿੱਚ ਜਰੂਰੀ ਸਾਫ-ਸਫਾਈ ਤੇ ਹੋਰ ਸਪ੍ਰੇਅ ਕਰਵਾਈ ਜਾਵੇ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਕੀ ਹੈ ਵਾਇਰਲ ਮੈਨਿਨਜੋਐਂਸੇਫਲਾਈਟਿਸ
ਵਾਇਰਲ, ਜਾਂ ਐਸੇਪਟਿਕ, ਮੈਨਿਨਜਾਈਟਿਸ ਆਮ ਤੌਰ ਤੇ ਐਂਟਰੋਵਾਇਰਸ ਦੇ ਕਾਰਨ ਹੁੰਦਾ ਹੈ। ਇਹ ਆਮ ਵਾਇਰਸ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ ਅਤੇ ਦਿਮਾਗ ਅਤੇ ਇਸਦੇ ਆਲੇ ਦੁਆਲੇ ਦੇ ਟਿਸ਼ੂਆਂ ਵਿੱਚ ਚਲੇ ਜਾਂਦੇ ਹਨ। ਇੱਥੇ ਇਨ੍ਹਾਂ ਦੀ ਸੰਖਿਆਂ ਵਧਦੀ ਰਹਿੰਦੀ ਹੈ।