International

ਰਾਸ਼ਟਰਪਤੀ ਮਾਦੁਰੋ ਦੀ ਜਿੱਤ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਹਿੰਸਾ ਤੇਜ਼: ਹੁਣ ਤੱਕ 11 ਮੌਤਾਂ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਜਿੱਤ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਨਿਊਜ਼ ਏਜੰਸੀ ਏਐਫਪੀ ਨੇ ਇੱਕ ਐਨਜੀਓ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਦਰਸ਼ਨ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਿਰੋਧੀ ਧਿਰ ਦੇ ਨੇਤਾਵਾਂ ਦਾ ਦੋਸ਼ ਹੈ ਕਿ ਨਤੀਜਿਆਂ ‘ਚ ਧਾਂਦਲੀ ਹੈ, ਜਿਸ ਤੋਂ ਬਾਅਦ ਜਨਤਾ ਸੜਕਾਂ ‘ਤੇ ਆ ਗਈ ਹੈ। ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੈਨੇਜ਼ੁਏਲਾ ਸਰਕਾਰ ਨੂੰ ਵੋਟਿੰਗ ਡੇਟਾ ਜਾਰੀ ਕਰਨ ਲਈ ਕਿਹਾ ਹੈ।

ਸੀਐਨਐਨ ਦੀ ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਪ੍ਰਦਰਸ਼ਨ ਕਰ ਰਹੀ ਹੈ। ਕਈ ਥਾਵਾਂ ‘ਤੇ ਅੱਗਜ਼ਨੀ ਵੀ ਦੇਖੀ ਗਈ ਹੈ। ਰਾਜਧਾਨੀ ਕਾਰਾਕਸ ਦੇ ਰਾਸ਼ਟਰਪਤੀ ਮਹਿਲ ‘ਚ ਹਜ਼ਾਰਾਂ ਲੋਕ ਪਹੁੰਚ ਗਏ ਹਨ।

ਕੁਝ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਰੋਕਣ ਲਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਛੱਡੀ। ਰਾਜਧਾਨੀ ਤੋਂ 400 ਕਿਲੋਮੀਟਰ ਦੂਰ ਕੁਮਾਨਾ ਵਿੱਚ ਕਈ ਲੋਕਾਂ ਨੇ ਮਾਦੁਰੋ ਦੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਦਫ਼ਤਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਰਸ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਵੈਨੇਜ਼ੁਏਲਾ ਵਿੱਚ 28 ਜੁਲਾਈ ਨੂੰ ਚੋਣਾਂ ਹੋਈਆਂ ਸਨ। ਚੋਣਾਂ ਤੋਂ ਪਹਿਲਾਂ ਕੀਤੇ ਗਏ ਸਰਵੇਖਣਾਂ ਵਿਚ ਵਿਰੋਧੀ ਉਮੀਦਵਾਰ ਐਡਮੰਡੋ ਗੋਂਜ਼ਾਲੇਜ਼ ਦੀ ਆਸਾਨ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ। ਹਾਲਾਂਕਿ ਚੋਣ ਨਤੀਜੇ ਇਸ ਦੇ ਉਲਟ ਆਏ। ਨਿਕੋਲਸ ਮਾਦੁਰੋ ਨੇ ਚੋਣ ਜਿੱਤੀ। ਹਾਲਾਂਕਿ ਵਿਰੋਧੀ ਧਿਰ ਨੇ ਇਸ ਜਿੱਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਚੋਣ ਕਮਿਸ਼ਨ ਨੇ ਨਤੀਜਿਆਂ ਵਿੱਚ ਧਾਂਦਲੀ ਕੀਤੀ ਹੈ।