India Sports

ਵਿਨੇਸ਼ ਦੇ ਕੋਚ ਦਾ ਵੱਡਾ ਖ਼ੁਲਾਸਾ! ‘ਮੈਨੂੰ ਲੱਗਿਆ ਸੀ ਕਿ ਵਿਨੇਸ਼ ਮਰ ਜਾਵੇਗੀ!’

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੇ ਵਿਦੇਸ਼ੀ ਕੋਚ ਵਾਲਰ ਅਕੋਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਈਨਲ ਦੇ ਲਈ ਵਜ਼ਨ ਘਟਾਉਣ ਦੇ ਪ੍ਰੋਸੈਸ ਦੌਰਾਨ ਇੱਕ ਸਮੇਂ ਮੈਨੂੰ ਅਜਿਹਾ ਲੱਗਿਆ ਸੀ ਕਿ ਵਿਨੇਸ਼ ਮਰ ਗਈ ਹੈ।

ਹੰਗਰੀ ਦੇ ਕੋਚ ਨੇ ਫੇਸਬੁੱਕ ’ਤੇ ਲਿਖਿਆ “ਵਿਨੇਸ਼ ਨੇ ਵਜ਼ਨ ਘਟਾਉਣ ਦੇ ਲਈ ਪੂਰਾ ਦਮ ਲਾ ਦਿੱਤਾ ਸੀ। ਉਸ ਦੀ ਮਿਹਨਤ ਵੇਖ ਕੇ ਮੈਨੂੰ ਲੱਗਿਆ ਕਿ ਉਸ ਦੀ ਮੌਤ ਨਾ ਹੋ ਜਾਏ।” ਹਾਲਾਂਕਿ ਕੋਚ ਨੇ ਕੁਝ ਦੇਰ ਬਾਅਦ ਆਪਣੀ ਪੋਸਟ ਡਿਲੀਟ ਕਰ ਦਿੱਤੀ ਹੈ।

ਪੈਰਿਸ ਓਲੰਪਿਕ ਦੇ ਦੌਰਾਨ ਵਿਨੇਸ਼ 7 ਅਗਸਤ ਨੂੰ ਫਾਈਨਲ ਤੋਂ ਠੀਕ ਪਹਿਲਾਂ 100 ਗਰਾਮ ਓਵਰਵੇਟ ਹੋਣ ਦੇ ਕਾਰਨ ਡਿਸਕੁਆਲੀਫਾਈ ਐਲਾਨੀ ਗਈ ਸੀ। ਉਸ ਤੋਂ ਪਹਿਲਾਂ ਭਾਰਤੀ ਰੈਸਲਰ ਨੇ ਪੂਰੀ ਰਾਤ ਵਜ਼ਨ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਤਕਰੀਬਨ ਸਾਢੇ 5 ਘੰਟੇ ਤੱਕ ਮਿਹਨਤ ਕੀਤੀ ਪਰ ਆਪਣੇ ਵਜ਼ਨ ਨੂੰ 50 ਕਿਲੋਗਰਾਮ ਤੱਕ ਨਹੀਂ ਲਿਆ ਸਕੀ।

ਹੰਗਰੀ ਦੇ ਅਕੋਸ ਨੇ ਪੋਸਟ ਵਿੱਚ ਲਿਖਿਆ ਕਿ ਸੈਮੀਫਾਈਨਲ ਦੇ ਬਾਅਦ ਉਸ ਦਾ ਵਜ਼ਨ ਤਕਰੀਬਨ 2.7 ਕਿਲੋਗਰਾਮ ਵੱਧ ਸੀ। ਜਿਸ ਦੇ ਬਾਅਦ ਅਸੀਂ ਤਕਰੀਬਨ 1 ਘੱਟੇ ਅਤੇ 20 ਮਿੰਟ ਤੱਕ ਕਰੜੀ ਮਿਹਨਤ ਕੀਤੀ। ਇਸ ਦੇ ਬਾਵਜ਼ੂਦ 1.5 ਕਿਲੋਗਰਾਮ ਹੀ ਵਜ਼ਨ ਵਿਖਾਈ ਦੇ ਰਿਹਾ ਸੀ। ਇਸ ਦੌਰਾਨ ਉਸ ਦੇ ਸਰੀਰ ’ਤੇ ਪਸੀਨੇ ਦੀ ਇੱਕ ਬੂੰਦ ਵੀ ਨਹੀਂ ਸੀ।

ਅਕੋਸ ਨੇ ਕਿਹਾ ਸਾਡੇ ਕੋਲ ਬਦਲ ਨਹੀਂ ਬਚਿਆ ਸੀ, ਅੱਧੀ ਰਾਤ ਤੋਂ ਲੈ ਕੇ ਸਵੇਰ ਸਾਢੇ 5 ਵਜੇ ਤੱਕ ਵਿਨੇਸ਼ ਨੇ ਕਈ ਕਾਰਡੀਓ ਮਸ਼ੀਨਾਂ ਅਤੇ ਕੁਸ਼ਤੀ ਦੇ ਦਾਅ ਖੇਡੇ। ਇਸ ਵਿਚਾਲੇ ਉਹ ਸਿਰਫ਼ 2 ਤੋਂ 3 ਮਿੰਟ ਹੀ ਅਰਾਮ ਕਰਦੀ ਸੀ। ਆਖ਼ਰਕਾਰ ਉਹ ਥੱਕ ਕੇ ਡਿੱਗ ਗਈ, ਅਸੀਂ ਉਸ ਨੂੰ ਮੁੜ ਤੋਂ ਚੁੱਕਿਆ ਅਤੇ ਸਾੱਨਾ ਵਿੱਚ ਇੱਕ ਘੰਟੇ ਤੱਕ ਬਿਠਾਇਆ। ਮੈਂ ਅਜਿਹਾ ਸੋਚ ਸਮਝ ਕੇ ਨਹੀਂ ਲਿਖ ਰਿਹਾ ਹਾਂ, ਪਰ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਉੁਸ ਦੀ ਮੌਤ ਹੋ ਸਕਦੀ ਹੈ।