India Sports

ਵਿਨੇਸ਼ ਫੋਗਾਟ ਅੱਜ ਪੈਰਿਸ ਤੋਂ ਭਾਰਤ ਪਰਤੇਗੀ, ਬਜਰੰਗ ਪੁਨੀਆ ਨੇ ਦਿੱਤੀ ਜਾਣਕਾਰੀ, ਥਾਂ-ਥਾਂ ਹੋਵੇਗਾ ਸਵਾਗਤ

ਦਿੱਲੀ : ਪੈਰਿਸ ਓਲੰਪਿਕ ‘ਚ ਕੁਸ਼ਤੀ ਫਾਈਨਲ ਮੈਚ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਅੱਜ ਭਾਰਤ ਪਰਤੇਗੀ। ਵਿਨੇਸ਼ ਦੇ ਸਵਾਗਤ ਲਈ ਵੱਡੀ ਗਿਣਤੀ ‘ਚ ਲੋਕ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣਗੇ।

ਨਵੀਂ ਦਿੱਲੀ ਤੋਂ ਪਿੰਡ ਚਰਖੀ ਦਾਦਰੀ ਤੱਕ ਜਾਣ ਵੇਲੇ ਉਹਨਾਂ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਜਾਵੇਗਾ। ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਵਿਨੇਸ਼ ਦੀ ਭਾਰਤ ਵਾਪਸੀ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਵਿਨੇਸ਼ ਨੂੰ ਓਲੰਪਿਕਸ ਵਿਚ ਸਿਲਵਰ ਮੈਡਲ ਜੇਤੂ ਦੇ ਬਰਾਬਰ ਦੀ ਇਨਾਮੀ ਰਾਸ਼ੀ ਤੇ ਬਣਦੇ ਸਾਰੇ ਸਨਮਾਨ ਦਿੱਤੇ ਜਾਣਗੇ।ਭਾਰਤੀ ਮਹਿਲਾ ਕੁਸ਼ਤੀ ਪਹਿਲਵਾਨ ਵਿਨੇਸ਼ ਫੋਗਾਟ ਅੱਜ 17 ਅਗਸਤ ਨੂੰ ਪੈਰਿਸ ਤੋਂ ਵਾਪਸ ਭਾਰਤ ਪਰਤੇਗੀ। ਨਵੀਂ ਦਿੱਲੀ ਤੋਂ ਪਿੰਡ ਚਰਖੀ ਦਾਦਰੀ ਤੱਕ ਜਾਣ ਵੇਲੇ ਉਹਨਾਂ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਜਾਵੇਗਾ।

100 ਗ੍ਰਾਮ ਦੇ ਭਾਰ ਕਾਰਨ ਅਯੋਗ ਕਰਾਰ ਦਿੱਤਾ ਗਿਆ

ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ਫ੍ਰੀਸਟਾਈਲ ਕੁਸ਼ਤੀ ਵਿੱਚ ਹਿੱਸਾ ਲਿਆ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸਨੇ ਨਾ ਸਿਰਫ਼ ਫਾਈਨਲ ਵਿੱਚ ਥਾਂ ਬਣਾਈ, ਸਗੋਂ ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਨੰਬਰ ਇੱਕ ਪਹਿਲਵਾਨ ਜਾਪਾਨ ਦੀ ਯੂਈ ਸੁਸਾਕੀ ਨੂੰ ਵੀ ਹਰਾਇਆ। ਉਸਨੇ ਇੱਕ ਦਿਨ ਵਿੱਚ ਸੈਮੀਫਾਈਨਲ ਸਮੇਤ ਤਿੰਨ ਮੈਚ ਜਿੱਤੇ। ਪਰ ਫਾਈਨਲ ਮੈਚ ਵਾਲੇ ਦਿਨ ਉਸ ਨੂੰ ਥੋੜ੍ਹਾ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ।

ਅਜਿਹੇ ‘ਚ ਨਾ ਤਾਂ ਉਸ ਨੂੰ ਕੋਈ ਤਮਗਾ ਮਿਲਿਆ ਅਤੇ ਉਸ ਨੂੰ ਆਖਰੀ ਸਥਾਨ ‘ਤੇ ਰੱਖਿਆ ਗਿਆ। ਉਸ ਨੇ ਸਪੋਰਟਸ ਕੋਰਟ ਵਿਚ ਅਪੀਲ ਵੀ ਦਾਇਰ ਕੀਤੀ ਸੀ ਪਰ ਉਸ ਦਾ ਫੈਸਲਾ ਵੀ ਉਸ ਦੇ ਹੱਕ ਵਿਚ ਨਹੀਂ ਆਇਆ ਅਤੇ ਹੁਣ ਉਹ ਖਾਲੀ ਹੱਥ ਆਪਣੇ ਦੇਸ਼ ਪਰਤ ਰਹੀ ਹੈ।