ਬਿਉਰੋ ਰਿਪੋਰਟ – ਓਲੰਪਿਕ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਗੋਲਡ ਲਈ ਖੇਡਣ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਵੱਡਾ ਕਾਰਨ ਉਨ੍ਹਾਂ ਦਾ 100 ਗਰਾਮ ਵੱਧ ਭਾਰ ਨੂੰ ਦੱਸਿਆ ਗਿਆ ਹੈ।
ਵਿਨੇਸ਼ ਫੋਗਾਟ 50 ਕਿਲੋ ਭਾਰ ਦੀ ਕੈਟਾਗਰੀ ਦੇ ਮੁਕਾਬਲੇ ਵਿੱਚ ਖੇਡ ਰਹੀ ਸੀ ਪਰ ਜਦੋਂ ਉਸਦਾ ਭਾਰ ਤੋਲਿਆ ਗਿਆ ਤਾਂ ਉਹ 100 ਗਰਾਮ ਵੱਧ ਨਿਕਲਿਆ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਇਸ ਤੋਂ ਪਹਿਲਾਂ 48 ਅਤੇ 53 ਕਿਲੋ ਦੀ ਕੈਟਾਗਰੀ ਦੇ ਵਿੱਚ ਖੇਡ ਦੀ ਰਹੀ ਹੈ ਪਰ ਇਸ ਵਾਰ ਉਹ 50 ਕਿਲੋਗਰਾਮ ਦੀ ਕੈਟਾਗਰੀ ਵਿੱਚ ਖੇਡ ਰਹੀ ਸੀ।
ਵਿਨੇਸ਼ ਦੇ ਅਯੋਗ ਕਰਾਰ ਦੇਣ ਤੋਂ ਬਾਅਦ ਹੁਣ ਪੋਡੀਅਮ ਵਿੱਚ ਸਿਰਫ਼ 2 ਹੀ ਖਿਡਾਰਣਾਂ ਖੜੀਆਂ ਹੋਣਗੀਆਂ, ਸਿਲਵਰ ਮੈਡਲ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ, ਸਿਰਫ਼ ਸੋਨੇ ਅਤੇ ਕਾਂਸੇ ਦਾ ਮੈਡਲ ਹੀ ਖਿਡਾਰੀਆਂ ਨੂੰ ਦਿੱਤਾ ਜਾਵੇਗਾ।
ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਵਜ਼ਨ ਤੈਅ ਮਾਣਕਾਂ ਦੇ ਹਿਸਾਬ ਨਾਲ ਸੀ ਹਾਲਾਂਕਿ ਰੋਜ਼ ਮੁਕਾਬਲੇ ਤੋਂ ਪਹਿਲਾਂ ਵਜ਼ਨ ਤੋਲਿਆ ਜਾਂਦਾ ਹੈ ਪਰ ਅੱਜ ਉਸ ਦਾ ਵਜਨ 100 ਗਰਾਮ ਜ਼ਿਆਦਾ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਨੂੰ ਮੰਗਲਵਾਰ ਰਾਤ ਨੂੰ ਇਸ ਦੀ ਜਾਣਕਾਰੀ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਪੂਰੀ ਰਾਤ ਸੁੱਤੀ ਨਹੀਂ ਉਨ੍ਹਾਂ ਨੇ ਵਜ਼ਨ ਨੂੰ ਕੈਟਾਗਰੀ ਵਿੱਚ ਲਿਆਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ, ਜੋਗਿੰਗ ਕੀਤੀ, ਸਕੀਪਿੰਗ ਅਤੇ ਸਾਇਕਲਿੰਗ ਵੀ ਕੀਤੀ ਪਰ ਉਹ ਭਾਰ ਘੱਟ ਕਰਨ ਵਿੱਚ ਕਾਮਯਾਬੀ ਨਹੀਂ ਹੋ ਸਕੀ। ਭਾਰਤੀ ਫੈਡਰੇਸ਼ਨ ਵੱਲੋਂ ਸਮਾਂ ਮੰਗਿਆ ਗਿਆ ਪਰ ਮੰਗ ਠੁਕਰਾ ਦਿੱਤੀ ਗਈ।