Punjab

ਭਾਜਪਾ ਨੇ ਟੋਹੀ ਦਾਦੂਵਾਲ ਦੀ ‘ਸਿਆਸੀ ਨਬਜ਼’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਭਾਜਪਾ ਦੇ ਨੇਤਾ ਵਿਜੇ ਸਾਂਪਲਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸਿਆਸਤ ਵਿੱਚ ਪੈਰ ਧਰਨ ਦੇ ਚੁੰਝ ਚਰਚੇ ਸ਼ੁਰੂ ਹੋ ਗਏ।ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਸਾਂਪਲਾ ਨੇ ਭਾਜਪਾ ਹਾਈਕਮਾਂਡ ਤਰਫੋ ਅਗਲੇ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਾਜਪਾ ਜਥੇਦਾਰ ਦਾਦੂਵਾਲ ਨੂੰ ਸਿੱਖ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਬਾਰੇ ਵਿਚਾਰ ਕਰ ਰਹੀ ਹੈ।

ਸਮਝਿਆ ਇਹ ਵੀ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਂਡ ਵਿੱਚ ਪਾਰਟੀ ਦੀ ਪੰਜਾਬ ਇਕਾਈ ਨੂੰ ਲਗਾਤਾਰ ਲੱਗ ਖੋਰੇ ਤੋਂ ਫਿਕਰਮੰਦ ਹੈ।ਭਾਜਪਾ ਵੱਲੋਂ ਖੋਰੇ ਨੂੰ ਖੋਰੇ ਨੂੰ ਰੋਕਣ ਦੇ ਯਤਨਾਂ ਨੂੰ ਬੂਰ ਨਾ ਪੈਣ ਤੋਂ ਬਾਅਦ ਕਈ ਵੱਡੇ ਸਿੱਖ ਚਿਹਰੇ ਸ਼ਾਮਿਲ ਕੀਤੇ ਗਏ ਹਨ, ਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਠੁੰਮਣਾ ਨਹੀਂ ਲੱਗ ਰਿਹਾ।

ਸੂਤਰਾਂ ਦਾ ਦੱਸਣਾ ਹੈ ਕਿ ਜਥੇਦਾਰ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇਣਾ ਵੀ ਇਸੇ ਕੜੀ ਦਾ ਪਹਿਲਾ ਹਿੱਸਾ ਸੀ, ਹਾਲਾਂਕਿ ਉਹ ਪੰਜਾਬ ਵਿੱਚਲੀਆਂ ਧਾਰਮਿਕ ਗਤੀਵਿਧੀਆਂ ਵਿੱਚ ਹੀ ਸਰਗਰਮ ਰਹੇ ਹਨ। ਜਥੇਦਾਰ ਦਾਦੂਵਾਲ ਵੱਲੋਂ ਕਿਸਾਨ ਅੰਦੋਲਨ ਬਾਰੇ ਵੱਟੀ ਬਾਰੇ ਵੱਟੀ ਲੰਬੀ ਚੁੱਪ ਵੀ ਇਹੋ ਸੰਕੇਤ ਦਿੰਦੀ ਹੈ।

ਇੱਥੇ ਦੱਸ ਦਈਏ ਕਿ ਦੋ ਹਫਤੇ ਪਹਿਲਾਂ ਸਾਂਪਲਾ ਜਥੇਦਾਰ ਦਾਦੂਵਾਲ ਨਾਲ ਮੁਲਾਕਾਤ ਕਰਨ ਲਈ ਹਰਿਆਣਾ ਗਏ ਸਨ। ਪਰ ਕਿਸਾਨਾਂ ਦੇ ਵਿਰੋਧ ਕਾਰਨ ਸਾਂਪਲਾ ਨੂੰ ਮੋੜਾ ਪਾਉਣਾ ਪਿਆ ਸੀ।ਵਿਜੇ ਸਾਂਪਲਾ ਇਸ ਵੇਲੇ ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਹਨ ਤੇ ਉਹ ਕੇਂਦਰ ਵਿੱਚ ਰਾਜ ਮੰਤਰੀ ਵੀ ਰਹੇ ਹਨ। ਉੱਚ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਮੀਟਿੰਗ ਵਿੱਚ ਕੋਈ ਹਾਲ ਦੀ ਘੜੀ ਸਹਿਮਤੀ ਨਹੀਂ ਬਣ ਸਕੀ, ਪਰ ਭਾਜਪਾ ਨੇ ਦਾਦੂਵਾਲ ਦਾ ਦਿਲ ਜ਼ਰੂਰ ਟੋਹ ਲਿਆ ਹੈ।