Punjab

ਹਮਦਰਦ ਖ਼ਿਲਾਫ਼ ਸਵੇਰੇ ਵਿਜੀਲੈਂਸ ਦਾ ਵੱਡਾ ਐਕਸ਼ਨ! ਚੋਣ ਕਮਿਸ਼ਨ ਦਾ ਨਿਰਦੇਸ਼ ਬੇਅਸਰ

ਬਿਉਰੋ ਰਿਪੋਟਰ – ਚੋਣ ਕਮਿਸ਼ਨ ਦੇ ਨੋਟਿਸ ਦੇ ਬਾਵਜੂਦ ਜੰਗ-ਏ-ਅਜ਼ਾਦੀ ਮੈਮੋਰੀਅਲ ਨੂੰ ਲੈ ਕੇ ਅਜੀਤ ਅਖ਼ਬਾਰ ਦੇ ਮਾਲਿਕ ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਦਾ ਐਕਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਸਵੇਰ ਨੂੰ ਜਲੰਧਰ ਵਿੱਚ ਵਿਜੀਲੈਂਸ ਦੀ ਟੀਮ ਬਰਜਿੰਦਰ ਸਿੰਘ ਹਮਦਰਦ ਦੇ ਦਫ਼ਤਰ ਪਹੁੰਚੀ। ਨੋਟਿਸ ਚਿਪਕਾ ਕੇ 7 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਵਿਜੀਲੈਂਸ ਦੇ DSP ਜਤਿੰਦਰ ਜੀਤ ਸਿੰਘ ਆਪ ਨੋਟਿਸ ਲੈ ਕੇ ਪਹੁੰਚੇ ਸਨ।

ਨੋਟਿਸ ਵਿੱਚ ਲਿਖਿਆ ਹੈ ਕਿ ਜੰਗ-ਏ-ਅਜ਼ਾਦੀ ਸਮਾਰਕ ਦੀ ਉਸਾਰੀ ਵਿੱਚ ਬੇਨਿਯਮੀਆਂ ਦੇ ਸਬੰਧ ਤਕਨੀਕੀ ਟੀਮਾਂ ਦੀ ਰਿਪੋਰਟ ਦੇ ਅਧਾਰ ’ਤੇ FIR ਦਰਜ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਹਮਦਰਦ ਅਤੇ ਹੋਰ ਦੇ ਖ਼ਿਲਾਫ਼ ਪੈਸਿਆਂ ਦੀ ਹੇਰਾਫੇਰੀ ਦੇ ਸਬੂਤ ਮਿਲੇ ਹਨ। ਨੋਟਿਸ ਵਿੱਚ ਵਿਜੀਲੈਂਸ ਨੇ ਲਿਖਿਆ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਮੁਤਾਬਿਕ ਵਿਜੀਲੈਂਸ ਦਫ਼ਤਰ ਜਲੰਧਰ ਵਿੱਚ ਪੇਸ਼ ਹੋਣਾ ਹੋਵੇਗਾ, ਜਿੱਥੇ ਹਮਦਰਦ ਤੋਂ ਪੁੱਛ-ਗਿੱਛ ਹੋਵੇਗੀ। ਇਸ ਤੋਂ ਬਾਅਦ ਅੱਗੇ ਕਾਰਵਾਈ ਵਧਾਈ ਜਾਵੇਗੀ।

ਚੋਣ ਕਮਿਸ਼ਨ ਨੇ ਚੀਫ਼ ਸਕੱਤਰ ਤੋਂ ਮੰਗੀ ਸੀ ਰਿਪੋਰਟ

ਭਾਰਤੀ ਚੋਣ ਕਮਿਸ਼ਨ ਨੇ ਜੰਗ-ਏ-ਅਜ਼ਾਦੀ ਮੈਮੋਰੀਅਲ ਮਾਮਲੇ ਵਿੱਚ ਅਜੀਤ ਅਖ਼ਬਾਰ ਦੇ ਸੰਪਾਦਕ ਅਤੇ ਮਾਲਕ ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ FIR ਦਰਜ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਚੋਣ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਤੱਥ ਉਨ੍ਹਾਂ ਦੇ ਸਾਹਮਣੇ ਰੱਖੇ ਜਾਣ। ਪੰਜਾਬ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਸਾਨੂੰ ਵੀਰਵਾਰ ਸ਼ਾਮ ਤੱਕ ਇਹ ਰਿਪੋਰਟ ਦੇ ਦਿੱਤੀ ਜਾਵੇ ਤਾਂ ਕਿ ਅਸੀਂ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਸਕੀਏ।

ਪੰਜਾਬ ਵਿਜੀਲੈਂਸ ਬਿਉਰੋ ਨੇ ਬਰਜਿੰਦਰ ਸਿੰਘ ਹਮਦਰਦੀ ਸਮੇਤ 26 ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਵਿੱਚ IAS ਵਿਨੇ ਬਬਲਾਨੀ ਵੀ ਸ਼ਾਮਲ ਹਨ। ਇਲਜ਼ਾਮ ਹੈ ਕਿ ਕਪੂਰਥਲਾ ਵਿੱਚ 315 ਕਰੋੜ ਨਾਲ ਤਿਆਰ ਜੰਗ-ਏ-ਅਜ਼ਾਦੀ ਮੈਮੋਰੀਅਲ ਵਿੱਚ ਫੰਡਾਂ ਦੀ ਗ਼ਲਤ ਵਰਤੋਂ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਹੁਣ ਤੱਕ ਇਸ ਮਾਮਲੇ ਵਿੱਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਬਿਲਡਰ ਦੀਪਕ ਸਿੰਗਲਾ ਅਤੇ 14 ਅਧਿਕਾਰੀਆਂ ਦੇ ਨਾਲ PWD ਵੀ ਸ਼ਾਮਲ ਹੈ।