ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੁੜ ਵਿਜੀਲੈਂਸ ਦਫ਼ਤਰ ਵਿਚ ਪੁੱਛ ਪੜਤਾਲ ਲਈ ਪੇਸ਼ ਹੋਏ। ਚੰਨੀ ਅੱਜ ਵਿਜੀਲੈਂਸ ਦਫ਼ਤਰ ਤੀਜੀ ਵਾਰ ਪੇਸ਼ ਹੋਏ ਹਨ। ਚੰਨੀ ਨੇ ਪੁੱਛਗਿੱਛ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਅੱਜ ਮੋਗਾ ਵਿੱਚ ਟੋਲ ਪਲਾਜ਼ਾ ਬੰਦ ਕਰਨ ਗਏ ਹਨ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਉੱਥੇ ਕਾਹਦੇ ਵਾਸਤੇ ਦਗੜ ਦਗੜ ਕਰਵਾ ਰਹੇ ਹਨ। ਕਿੰਨੇ ਪੁਲਿਸ ਕਰਮਚਾਰੀ ਉੱਥੇ ਗਏ ਹੋਣਗੇ, ਹੈਲੀਕਾਪਟਰ ਗਏ ਹੋਣਗੇ, ਸਰਕਾਰ ਦਾ ਕਿੰਨਾ ਖਰਚਾ ਹੋ ਰਿਹਾ ਹੈ। ਜਿਹੜੇ ਟੋਲ ਪਲਾਜ਼ੇ ਦਾ ਸਮਾਂ ਹੀ ਖਤਮ ਹੋ ਗਿਆ, ਉਹਨੇ ਤਾਂ ਆਪਣੇ ਆਪ ਹੀ ਬੰਦ ਹੋ ਜਾਣਾ ਸੀ।
ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਨੇ ਪਾਰਦਸ਼ਤਾ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਸੀ ਪਰ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਗੁਜਰਾਤ, ਅਹਿਮਦਾਬਾਦ, ਤਾਮਿਲ ਨਾਡੂ, ਉੜੀਸਾ ਸਭ ਜਗ੍ਹਾ ਜਾ ਕੇ ਆ ਜਾਂਦੇ ਹੋ, ਤਾਂ ਬਾਅਦ ਵਿੱਚ ਉਸ ਜਹਾਜ਼ ਦੀ ਆਰਟੀਆਈ ਦੇਣ ਦਾ ਕੀ ਖਤਰਾ ਹੈ। ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਰੰਧਾਵਾ ਤੋਂ ਸਿਰਫ਼ 55 ਲੱਖ ਰੁਪਏ ਦੀ ਰਿਕਵਰੀ ਕਰਨ ਬਾਰੇ ਕਿਹਾ ਹੈ ਪਰ ਜਹਾਜ਼ਾਂ ਦਾ ਖਰਚੇ ਦਾ ਕੌਣ ਹਿਸਾਬ ਦੇਵੇਗਾ। ਜਦੋਂ ਬਾਹਰਲੇ ਸੂਬਿਆਂ ਵਿੱਚ ਮੁੱਖ ਮੰਤਰੀ ਦੂਸਰੇ ਦਿਨ ਜਾਂਦੇ ਰਹਿੰਦੇ ਹਨ ਤਾਂ ਪੰਜਾਬ ਦੇ ਹੈਲੀਕਾਪਟਰ ਉੱਤੇ ਨਹੀਂ ਜਾਂਦੇ, ਕਿਰਾਏ ਉੱਤੇ ਇੱਕ ਵੱਡਾ ਜਹਾਜ਼ ਯਾਨਿ ਚਾਰਟਰ ਜਹਾਜ਼, ਜਿਸਦਾ 10 ਤੋਂ ਲੈ ਕੇ 25 ਲੱਖ ਰੁਪਏ ਦਾ ਰੋਜ਼ ਦਾ ਕਿਰਾਇਆ ਹੈ, ਉਹ ਲੈ ਕੇ ਦੂਜੇ ਸੂਬਿਆਂ ਵਿੱਚ ਜਾਂਦੇ ਹਨ। ਹੁਣ ਵੀ ਤਾਂ ਪੰਜਾਬ ਦੇ ਖ਼ਜ਼ਾਨੇ ਉੱਤੇ ਡਾਕਾ ਪੈ ਰਿਹਾ ਹੈ।
ਮੂਸੇਵਾਲਾ ਦੇ ਕਤਲਕਾਂਡ ਵਿੱਚ ਫੜੇ ਗਏ ਗੈਂਗਸਟਰਾਂ ਨੂੰ ਪੰਜਾਬ ਵਿੱਚ ਵੀਆਈਪੀ ਟਰੀਟਮੈਂਟ ਕਿਵੇਂ ਮਿਲ ਗਿਆ। ਵੀਆਈਪੀ ਟਰੀਟਮੈਂਟ ਇਹ ਦੇ ਰਹੇ ਹਨ, ਗੈਂਗਸਟਰ ਫੋਨਾਂ ਉੱਤੇ ਵੀਡੀਓ ਕਾਲ ਰਾਹੀਂ ਇੰਟਰਵਿਊ ਦਿੰਦੇ ਹਨ, ਉਸਦਾ ਜ਼ਿੰਮੇਵਾਰ ਕੌਣ ਹੈ।
SGPC ਮੁੱਦੇ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਇੰਟੈਲੀਜੈਂਸ ਨੇ ਮੁੱਖ ਮੰਤਰੀ ਨੂੰ ਪਹਿਲਾਂ ਜਾਣਕਾਰੀ ਦੇ ਦਿੱਤੀ ਕਿ 21 ਨੂੰ ਟੈਂਡਰ ਖਤਮ ਹੋ ਰਿਹਾ ਹੈ, ਤੇ ਪੀਟੀਸੀ ਤੋਂ ਇਹ ਖੁੱਸ ਜਾਣਾ ਹੈ। ਇਨ੍ਹਾਂ ਨੇ ਮੌਕਾ ਤਾੜ ਕੇ ਵਾਹ ਵਾਹ ਖੱਟਣ ਲਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਜੋ ਕਿ ਅਗਸਤ ਵਿਚ ਹੋਣਾ ਸੀ, ਪੂਰੀ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ। ਸਿੱਖ ਪਰਿਵਾਰ ਦੇ ਮੁੱਖ ਮੰਤਰੀ ਨੇ ਅੱਜ ਸਿੱਖ ਕੌਮ ਨੂੰ ਪੈਰਾਂ ਵਿੱਚ ਰੋਲ ਦਿੱਤਾ। ਇਹ ਪਹਿਲਾਂ ਸਿੱਖਾਂ ਦੇ ਜਥੇਦਾਰ ਨੂੰ ਗਲਤ ਬੋਲੇ, ਨੌਜਵਾਨਾਂ ਉੱਤੇ ਐੱਨਐਸਏ ਲਗਾਇਆ, ਸ਼੍ਰੋਮਣੀ ਕਮੇਟੀ ਨੂੰ ਮਸੰਦ ਦੱਸਿਆ।