ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਦੇ ਸਰਕਾਰੀ ਵਕੀਲ ‘ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਮਸ਼ਹੂਰ ਵਕੀਲ ਗੌਤਮ ਮਜੀਠੀਆ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਹ ਕਾਰਵਾਈ ਇਕ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜਿਸ ‘ਚ ਗੌਤਮ ਮਜੀਠੀਆ ਪੈਸੇ ਲੈਂਦਿਆਂ ਸਪਸ਼ਟ ਨਜ਼ਰ ਆ ਰਿਹਾ ਹੈ।
ਵਿਜੀਲੈਂਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪ੍ਰਤਾਪ ਐਵਿਨਿਊ ਵਾਸੀ ਜਤਿੰਦਰ ਸਿੰਘ ਦੀ ਨਿਊ ਅੰਮ੍ਰਿਤਸਰ ਸਥਿਤ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਸੀ। ਸਿਟੀ ਇੰਪਰੂਵਮੈਂਟ ਟਰੱਸਟ ਨੂੰ ਅਦਾਲਤ ਤੋਂ 20 ਫ਼ੀਸਦੀ ਹੋਰ ਰਾਸ਼ੀ ਦੇ ਮੁਆਵਜ਼ੇ ਸਮੇਤ ਪੈਸੇ ਦੇਣ ਲਈ ਕਿਹਾ ਗਿਆ ਸੀ। ਜਤਿੰਦਰ ਸਿੰਘ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਗੌਤਮ ਮਜੀਠੀਆ ਨਾਲ ਸੰਪਰਕ ਕੀਤਾ।
ਗੌਤਮ ਮਜੀਠੀਆ ਨੇ ਜਤਿੰਦਰ ਸਿੰਘ ਤੋਂ 20 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਗੌਤਮ ਮਜੀਠੀਆ ਨੇ ਵੀ 7 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਜਿਸ ਦੀ ਵੀਡੀਓ ਰਿਕਾਰਡਿੰਗ ਜਤਿੰਦਰ ਸਿੰਘ ਨੇ ਕੀਤੀ।
ਜਤਿੰਦਰ ਸਿੰਘ ਨੇ ਇਸ ਵੀਡੀਓ ਸਮੇਤ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੂੰ ਸ਼ਿਕਾਇਤ ਭੇਜੀ ਹੈ। ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਪਤਾ ਲੱਗਾ ਕਿ ਗੌਤਮ ਮਜੀਠੀਆ ਸਰਕਾਰ ਤੋਂ ਤਨਖ਼ਾਹ ਲੈ ਕੇ ਸਰਕਾਰੀ ਡਿਊਟੀ ਕਰਦਾ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਗੌਤਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।