‘ਦ ਖ਼ਾਲਸ ਬਿਊਰੋ : ਸਰਕਾਰੀ ਸਕੂਲਾਂ ਦੇ ਤਥਾ ਕਥਿਤ ਸਿੱਖਿਆ ਮਾਫੀਏ ਸਬੰਧੀ ਵਾਇਰਲ ਹੋਏ ਅਤੇ ਮੀਡੀਆ ਰਿਪੋਰਟਾਂ ਰਾਹੀ ਚਰਚਾ ਵਿੱਚ ਆਏ ‘ਖੁੱਲੇ ਖਤ’ ਦੇ ਸੰਦਰਭ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੀ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਤੋਂ ਮਾ ਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀ.ਟੀ.ਐੱਫ. ਵੱਲੋਂ ਬਤੌਰ ਅਧਿਆਪਕ ਜੱਥੇਬੰਦੀ, ਸਿੱਖਿਆ ਪ੍ਰਤੀ ਵਚਨਬੱਧਤਾ ਤਹਿਤ ਗਠਿਤ ਕੀਤੀ ਪੰਜ ਮੈਂਬਰੀ ‘ਤੱਥ ਖੋਜ ਕਮੇਟੀ’ ਦਾ ਐਲਾਨ ਵੀ ਕੀਤਾ ਗਿਆ।
ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਾਇਰਲ ਪੱਤਰ ਅਨੁਸਾਰ ਸਿੱਖਿਆ ਵਿਭਾਗ ਦੇ ਕਿਸੇ ਸਮੇਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਰਹੇ ਅਤੇ ਸਾਲ 2017 ਤੋਂ 2021 ਦੌਰਾਨ ਸਕੂਲ ਸਿੱਖਿਆ ਸਕੱਤਰ ਰਹੇ, ਇੱਕ ਆਈ.ਏ.ਐੱਸ. ਅਧਿਕਾਰੀ ਅਤੇ ਉਸ ਵੱਲੋਂ ਚਲਾਏ ਪੜ੍ਹੋ ਪੰਜਾਬ ਪ੍ਰੋਜੈਕਟ ਸਬੰਧੀ ਲਗਾਏ ਦੋਸ਼ਾਂ ਦੇ ਅਤਿ ਗੰਭੀਰ ਹੋਣ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨੂੰ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਿਤ ਤੱਥਾਂ ਦੀ ਸਚਾਈ ਜਾਨਣ ਲਈ ਵਿਜੀਲੈਂਸ ਜਾਂਚ ਅਤੇ ਸਿੱਖਿਆ ਪ੍ਰਬੰਧ ਵਿੱਚਲੇ ਕਥਿਤ ਵਿਗਾੜਾਂ ਸਬੰਧੀ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਨਿਆਂਇਕ ਜਾਂਚ ਕਰਵਾਉਣੀ ਚਾਹੀਦੀ ਹੈ।