‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਅੱਜ ਮੋਰਚੇ ਦਾ ਸਾਰੇ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਜਾ ਰਹੀ ਹੈ।



ਦਿੱਲੀ ਦੇ ਬਾਰਡਰਾਂ ਉੱਤੇ ਅਰਦਾਸ ਕਰਨ ਉਪਰੰਤ ਸਾਰੇ ਕਿਸਾਨ ਵਾਪਸ ਆਪਣੇ ਘਰਾਂ ਨੂੰ ਆ ਰਹੇ ਹਨ। ਨਿਹੰਗ ਸਿੰਘਾਂ ਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਕਾਫਲਾ ਵਾਪਸੀ ਲਈ ਰਵਾਨਾ ਹੋ ਗਿਆ ਹੈ।


ਹਰਿਆਣਾ ਦੇ ਕਿਸਾਨ ਲੀਡਰ ਅਭੀਮਨਿਊ ਕੋਹਾੜ ਨੇ ਹਰ ਕਿਸਾਨ ਅਤੇ ਉਨ੍ਹਾਂ ਦੇ ਹਰ ਵਾਹਨ ਉੱਤੇ ਗੇਂਦੇ ਦੇ ਫੁੱਲਾਂ ਦੀ ਵਰਖਾ ਕੀਤੀ ਹੈ। ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਹਰੇ ਰੰਗ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਹੈ।




ਇਸ ਮੌਕੇ ਸਾਰੇ ਕਿਸਾਨਾਂ ਨੂੰ ਲੱਡੂ ਵੀ ਵੰਡੇ ਗਏ। KMP ਦੇ ਪਹਿਲੇ ਪੜਾਅ ‘ਤੇ ਪਹੁੰਚਣ ‘ਤੇ ਰਾਮ ਸਿੰਘ ਰਾਣਾ ਦੇ ਢਾਬੇ ‘ਗੋਲਡਨ ਹੱਟ’ ਵਿੱਚ ਸਾਰੇ ਕਿਸਾਨਾਂ ਨੂੰ ਮੁਫਤ ਵਿੱਚ ਨਾਸ਼ਤਾ ਕਰਵਾਇਆ ਜਾਵੇਗਾ।


ਕਿਸਾਨਾਂ ਵਿੱਚ ਮੋਰਚਾ ਫਤਿਹ ਕਰਨ ਦੀ ਖੁਸ਼ੀ ਚਿਹਰੇ ‘ਤੇ ਸਾਫ ਝਲਕ ਰਹੀ ਹੈ। ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਵਿੱਚ ਸਾਰਾ ਸਮਾਨ ਸਮੇਟ ਕੇ ਲਿਜਾਇਆ ਜਾ ਰਿਹਾ ਹੈ।



ਕਿਸਾਨ ਜਿੱਤ ਦੀ ਖੁਸ਼ੀ ਦੇ ਨਾਅਰੇ ਲਾਉਂਦੇ ਹੋਏ ਘਰ ਵਾਪਸੀ ਕਰ ਰਹੇ ਹਨ। ਕਿਸਾਨਾਂ ਨੇ ਮੋਰਚੇ ਵਿੱਚ ਆਪਣੇ ਰਹਿਣ ਲਈ ਜੋ ਬਾਂਸ ਦੇ ਘਰ ਬਣਾਏ ਹੋਏ ਸਨ, ਉਨ੍ਹਾਂ ਨੂੰ ਹੁਣ ਪੁੱਟ ਕੇ ਟਰੱਕਾਂ ਵਿੱਚ ਸਮੇਟ ਕੇ ਵਾਪਸ ਲਿਜਾ ਰਹੇ ਹਨ।


ਇਹ ਦ੍ਰਿਸ਼ ਬਹੁਤ ਹੀ ਭਾਵੁਕ ਹੈ ਕਿਉਂਕਿ ਦਿੱਲੀ ਬਾਰਡਰਾਂ ‘ਤੇ ਬਿਤਾਇਆ ਇੱਕ ਸਾਲ ਕਿਸਾਨਾਂ ਲਈ ਬਹੁਤ ਅਹਿਮ ਬਣ ਗਿਆ ਸੀ ਕਿਉਂਕਿ ਇਸ ਇੱਕ ਸਾਲ ਵਿੱਚ ਕਿਸਾਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ, ਭਾਈਚਾਰਕ ਸਾਂਝ ਬਣ ਗਈ ਸੀ ਅਤੇ ਆਪਣੇ ਹੱਥੀਂ ਬਣਾਏ ਘਰਾਂ ਨੂੰ ਪੁੱਟ ਕੇ ਜਾਣਾ ਬਹੁਤ ਹੀ ਭਾਵੁਕ ਪਲ ਸੀ। ਦਿੱਲੀ ਦੀਆਂ ਸੜਕਾਂ ‘ਤੇ ਬਣਾਏ ਹੋਏ ਅਸਥਾਈ ਤੌਰ ‘ਤੇ ਘਰ ਪੁੱਟਣ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਹੁਣ ਸੁੰਨੀਆਂ ਹੋ ਗਈਆਂ ਹਨ।


ਨਿਹੰਗ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਸੁੰਦਰ ਪਾਲਕੀ ਸਜਾਈ ਗਈ। ਨਿਹੰਗ ਸਿੰਘਾਂ ਵੱਲੋਂ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਘਰ ਵਾਪਸੀ ਕੀਤੀ ਜਾ ਰਹੀ ਹੈ।


ਸੰਗਤ ਵੱਲੋਂ ਵੱਧ ਚੜ ਕੇ ਨਗਰ ਕੀਰਤਨ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਸੰਗਤ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਨਿਹੰਗ ਸਿੰਘਾਂ ਵੱਲੋਂ ਕਰਤਬ ਵਿਖਾਏ ਜਾ ਰਹੇ ਹਨ।