ਕਿਸਾਨ ਸੰਘਰਸ਼ : ਤਰੀਕਾਂ ਬੋਲਦੀਆਂ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਕਿਸਾਨਾਂ ਦੀ ਦਿੱਲੀ ਦੇ ਸਰਹੱਦਾਂ ਉੱਤੇ ਲੜਾਈ ਨੂੰ ਆਖ਼ਰ ਮੋਰਚੇ ਨੇ ਜਿੱਤ ਲਿਆ ਹੈ। ਇਹ ਲੜਾਈ ਇੰਨੀ ਸੌਖੀ ਨਹੀਂ ਸੀ, ਜਿੰਨੀ ਸ਼ੁਰੂ-ਸ਼ੁਰੂ ਵਿੱਚ ਵੇਖਣ ਨੂੰ ਲੱਗਦੀ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ਹਠੀ ਹਾਕਮ ਦੀ ਧੌਣ ਨੀਵੀਂ ਕਰਨੀ ਸਿਰਫ਼ ਤੇ ਸਿਰਫ਼ ਕਿਸਾਨਾਂ ਦੇ ਹਿੱਸੇ ਆਈ ਹੈ। ਕਿਸਾਨਾਂ ਦਾ ਸਿੱਧਾ ਮੱਥਾ ਸਰਕਾਰ ਨਾਲ ਸੀ ਤੇ ਸਰਕਾਰ ਦੇ ਵੱਡੇ ਮੱਥਿਆਂ ਅੰਦਰ ਆਪਣੇ ਵਿਰੋਧ ਦਾ ਸੱਚ ਭਰਨਾ ਕਿਸਾਨਾਂ ਲਈ ਬਹੁਤ ਮੁਸ਼ਕਿਲ ਕੰਮ ਸੀ। ਧਰਨੇ, ਪ੍ਰਦਰਸ਼ਨ, ਨਾਅਰੇਬਾਜੀਆਂ ਅਤੇ 11 ਗੇੜਾਂ ਦੀ ਸਰਕਾਰ ਨਾਲ ਬੈਠਕ ਬੇਸਿੱਟਾ ਤਾਂ ਰਹੀ ਪਰ ਕਿਸਾਨ ਨੇ ਦਿਲ ਨਾ ਡੁੱਬਣ ਦਿੱਤਾ। ਮੁਲਕ ਭਰ ਵਿੱਚ ਅੰਦੋਲਨ ਦੀਆਂ ਜੜ੍ਹਾਂ, ਵਿਸ਼ੇਸ਼ ਕਰਕੇ ਸਰਕਾਰ ਦੇ ਸਿਆਸੀ ਗੜ੍ਹ ਵਿੱਚ ਉਸਦੀ ਅਸਲ ਸੱਚਾਈ ਦੇ ਜਿੱਤ ਦੇ ਝੰਡੇ ਗੱਡਣੇ ਅਤੇ ਕਰਾਰੀ ਹਾਰ ਦੇਣ ਦਾ ਮਾਨ ਮੁਲਕ ਦੇ ਕਿਸਾਨ ਦੀ ਝੋਲੀ ਪਿਆ ਹੈ। ਕਿਸਾਨ ਜਥੇਬੰਦੀਆਂ ਦੇ ਸਬਰ, ਦ੍ਰਿੜਤਾ, ਹਲੀਮੀ, ਸੂਝ-ਬੂਝ ਅਤੇ ਆਪਸੀ ਭਾਈਚਾਰੇ ਨੇ ਹੰਕਾਰੀ ਰਾਜੇ ਦਾ ਭਰਮ ਤੋੜਿਆ ਹੈ। ਕਿਸਾਨਾਂ ਦੀ ਰਣਨੀਤੀ ਦਾ ਮੁਲਕ ਨਹੀਂ, ਵਿਸ਼ਵ ਕਾਇਲ ਹੋਇਆ ਹੈ। ਮੁਲਕ ਨੂੰ ਕਿਸਾਨਾਂ ਤੋਂ ਵੱਡੀਆਂ ਆਸਾਂ ਸ਼ੁਰੂ ਹੋਈਆਂ ਹਨ। ਇਹ ਵਜ੍ਹਾ ਹੈ ਕਿ ਦੇਸ਼ ਦਾ ਬੱਚਾ-ਬੱਚਾ ਕਿਸਾਨਾਂ ਨੂੰ ਆਪਣਾ ਪ੍ਰੈੱਸ਼ਰ ਗਰੁੱਪ ਬਣਾਈ ਰੱਖਣ ਦੀਆਂ ਅਪੀਲਾਂ ਕਰਨ ਲੱਗਾ ਹੈ। ਸੰਯੁਕਤ ਮੋਰਚੇ ਦਾ ਵੀ ਅੰਦੋਲਨ ਵਿੱਚ ਹਿੱਸਾ ਪਾਉਣ ਵਾਲਿਆਂ ਦਾ ਰੋਮ-ਰੋਮ ਧੰਨਵਾਦੀ ਹੈ।
ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਨੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਸ਼ਰੀਕੀਆਂ ਨੂੰ ਲਾਂਭੇ ਰੱਖ ਕੇ ਜਿਵੇਂ ਅੰਦੋਲਨਕਾਰੀਆਂ ਦਾ ਨਹੀਂ, ਸਗੋਂ ਮੋਰਚੇ ਵਿੱਚ ਪੈਰ ਧਰਨ ਵਾਲੇ ਹਰੇਕ ਸ਼ਖਸ ਦਾ ਢਿੱਡ ਭਰਿਆ ਹੈ, ਉਸਦੇ ਨਾਲ ਪੰਜਾਬੀਆਂ ਵਿਸ਼ੇਸ਼ ਕਰਕੇ ਭਾਰਤੀਆਂ ਦਾ ਕੱਦ ਹੋਰ ਉੱਚਾ ਹੋਇਆ ਹੈ। ਅੱਜ ਜਦੋਂ ਅੰਦੋਲਨ ਫਤਿਹ ਹੋ ਗਿਆ ਹੈ ਤਾਂ ਦੇਸ਼-ਵਿਦੇਸ਼ ਤੋਂ ਮੁਬਾਰਕਾਂ ਦਾ ਹੜ੍ਹ ਆ ਗਿਆ ਹੈ। ਵਧੀਆ ਗੱਲ ਇਹ ਹੈ ਕਿ ਕਿਸਾਨ ਨੇ ਅੰਦੋਲਨ ਜਿੱਤ ਕੇ ਵੀ ਸਬਰ ਦਾ ਪੱਲਾ ਨਹੀਂ ਛੱਡਿਆ। ਇੱਕ ਤਸੱਲੀ ਦੀ ਹੋਰ ਗੱਲ ਕਿ ਕਿਸਾਨਾਂ ਨੇ ਸਿਆਸਤ ਵਿੱਚ ਨਾ ਕੁੱਦਣ ਦਾ ਭਰੋਸਾ ਦੇ ਕੇ ਲੋਕਾਂ ਨੂੰ ਹੋਰ ਘੁੱਟ ਕੇ ਹਿੱਕ ਨਾਲ ਲਾ ਲਿਆ ਲੱਗਦਾ ਹੈ।
ਤਰੀਕਾਂ ਜਿਹੜੀਆਂ ਕਿਸਾਨ ਅੰਦੋਲਨ ਫਤਿਹ ਦੀਆਂ ਗਵਾਹ ਬਣੀਆਂ ਹਨ :
5 ਜੂਨ 220 : ਤਿੰਨ ਖੇਤੀ ਬਿਲ ਪੇਸ਼ ਕੀਤੇ ਗਏ। ਉਦੋਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ।
10 ਸਤੰਬਰ 2020 : ਕੁਰੂਕਸ਼ੇਤਰ ਦੇ ਪਿਪਲੀ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ।
14 ਸਤੰਬਰ 2020 : ਬਿਲ ਸੰਸਦ ਵਿੱਚ ਲਿਆਂਦਾ ਗਿਆ ਹੈ। 17 ਨੂੰ ਲੋਕਸਭਾ ਵਿੱਚ ਪਾਸ ਹੋਇਆ। 20 ਨੂੰ ਰਾਜਸਭਾ ਵਿੱਚ ਆਵਾਜ਼ ਮਤ ਨਾਲ ਪਾਸ ਹੋਇਆ।
22 ਸਤੰਬਰ 2020 : ਤੀਜਾ ਕਾਨੂੰਨ ਜ਼ਰੂਰੀ ਵਸਤਾਂ ਸੋਧ ਬਿਲ 1955 ਨੂੰ ਵੀ ਰਾਜਸਭਾ ਵਿੱਚ ਮਨਜ਼ੂਰੀ ਮਿਲੀ।
27 ਸਤੰਬਰ 2020 : ਖੇਤੀ ਬਿਲਾਂ ਉੱਤੇ ਰਾਸ਼ਟਰਪਤੀ ਦੀ ਮੁਹਰ ਨਾਲ ਕਾਨੂੰਨ ਬਣ ਗਿਆ।
25 ਨਵੰਬਰ 2020 : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਚਲੋ ਦਾ ਨਾਅਰਾ ਦਿੱਤਾ। 26 ਨੂੰ ਅੰਬਾਲਾ ਵਿੱਚ ਪੁਲਿਸ ਦਾ ਸਾਹਮਣਾ ਕਰਨਾ ਪਿਆ, ਪਰ ਅੱਗੇ ਵਧ ਗਏ।
3 ਦਸੰਬਰ 2020 : ਸਰਕਾਰ ਤੇ ਕਿਸਾਨਾਂ ਵਿਚਾਲੇ ਪਹਿਲੇ ਪੜਾਅ ਦੀ ਗੱਲਬਾਤ ਹੋਈ। ਸਰਕਾਰ ਨੇ ਭਰੋਸਾ ਦਿੱਤਾ ਕਿ ਐਮਐਸਪੀ ਜਾਰੀ ਰਹੇਗੀ।
8 ਦਸੰਬਰ 2020 : ਕਿਸਾਨਾਂ ਦਾ ਭਾਰਤ ਬੰਦ ਦਾ ਐਲਾਨ, ਹੋਰ ਸੂਬਿਆਂ ਦਾ ਸਮਰਥਨ।
11 ਦਸੰਬਰ 2020 : ਕਿਸਾਨ ਸੰਘ ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ।
16 ਦਸੰਬਰ 2020 : ਅੰਦੋਲਨ ਵਿੱਚ ਪਹੁੰਚੇ ਸੰਸ ਬਾਬਾ ਰਾਮ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
25 ਦਸੰਬਰ 2020 : ਕਿਸਾਨਾਂ ਨੇ ਹਰਿਆਣਾ ਵਿੱਚ ਹਾਈਏ ਨੂੰ ਟੋਲ ਫ੍ਰੀ ਕਰਵਾਇਆ।
9 ਜਨਵਰੀ 2021 : ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾਰ ਦੀ ਗੱਡੀ ਉੱਤੇ ਪਥਰਾਅ।
10 ਜਨਵਰੀ 2021 : ਕਰਨਾਲ ਵਿੱਚ ਸੀਐਮ ਦੀ ਮਹਾਂਪੰਚਾਇਤ ਤੋਂ ਪਹਿਲਾਂ ਕਿਸਾਨਾਂ ਨੇ ਮੰਚ ਤੋੜਿਆ।
12 ਜਨਵਰੀ 2021 : ਸੁਪਰੀਮ ਕੋਰਟ ਨੇ ਕਾਨੂੰਨ ਉੱਤੇ ਰੋਕ ਲਗਾ ਦਿੱਤੀ ਅਤੇ ਇਕ ਕਮੇਟੀ ਦਾ ਗਠਨ ਕਰ ਦਿੱਤਾ।
22 ਜਨਵਰੀ 2021 : ਕਿਸਾਨਾਂ ਤੇ ਸਰਕਾਰ ਵਿਚਾਲੇ ਆਖਰੀ ਗੱਲਬਾਤ ਰਹੀ ਬੇਨਤੀਜਾ।
26 ਜਨਵਰੀ 2021 : ਗਣਤੰਤਰ ਦਿਵਸ ਉੱਤੇ ਪਰੇਡ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋਈ। ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਇਆ।
28 ਜਨਵਰੀ 2021 : ਗਾਜੀਪੁਰ ਬਾਰਡਰ ਉੱਤੇ ਰਾਕੇਸ਼ ਟਿਕੈਤ ਭਾਵੁਕ ਹੋਏ ਤੇ ਪਾਸਾ ਪਲਟ ਗਿਆ।
29 ਜਨਵਰੀ 2021 : ਸਰਕਾਰ ਨੇ ਡੇਢ ਸਾਲ ਲਈ ਕਾਨੂੰਨ ਹੋਲਡ ਕਰਕੇ ਸਾਂਝੀ ਕਮੇਟੀ ਬਣਾ ਦਿੱਤੀ।
9 ਮਈ 2021 : ਟਿਕਰੀ ਬਾਰਡਰ ਉੱਤੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ।
16 ਮਈ 2021 : ਹਿਸਾਰ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ।
16 ਜੂਨ 2021 : ਟਿਕਰੀ ਬਾਰਡਰ ਉੱਤੇ ਇਕ ਨੌਜਵਾਨ ਅੱਗ ਨਾਲ ਝੁਲਸਿਆ ਮਿਲਿਆ।
28 ਅਗਸਤ 2021 : ਕਰਨਾਲ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਤੇ ਐੱਸਡੀਐਮ ਵਲੋਂ ਕਿਸਾਨਾਂ ਦੇ ਸਿਰ ਤੋੜਨ ਦਾ ਬਿਆਨ।
3 ਅਕਤੂਬਰ-2021 : ਮਨੋਹਰ ਲਾਲ ਖੱਟਰ ਦਾ ਵਿਵਾਦਿਤ ਬਿਆਨ। ਜੈਸੇ ਨੂੰ ਤੈਸਾ ਜਾਂ ਫਿਰ ਚੁੱਕੋ ਡੰਡੇ।
3 ਅਕਤੂਬਰ 2021 : ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਤੇ ਮੰਤਰੀ ਦੇ ਮੁੰਡੇ ਵੱਲੋਂ ਗੱਡੀ ਚਾੜ੍ਹੀ ਗਈ।
15 ਅਕਤੂਬਰ 2021 : ਕੁੰਡਲੀ ਬਾਰਡਰ ਉੱਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਨਾਂ ਉੱਤੇ ਲਖਬੀਰ ਸਿੰਘ ਦੀ ਹੱਤਿਆ।
28 ਅਕਤੂਬਰ 2021 : ਪੁਲਿਸ ਵੱਲੋਂ ਟਿਕਰੀ ਬਾਰਡਰ ਉੱਤੇ ਬੈਰੀਕੇਡਸ ਹਟਾਉਣੇ ਸ਼ੁਰੂ ਕੀਤੇ।
19 ਨਵੰਬਰ 2021 : ਕੇਂਦਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਗਏ।
26 ਨਵੰਬਰ 2021 : ਮੋਰਚੇ ਦਾ ਸਫ਼ਲਤਾ ਭਰਿਆ ਇੱਕ ਸਾਲ ਪੂਰਾ
29 ਨਵੰਬਰ 2021 : ਸੰਸਦ ਵੱਲੋਂ ਤਿੰਨ ਖੇਤੀ ਕਾਨੂੰਨ ਲਏ ਗਏ ਵਾਪਸ
9 ਦਸੰਬਰ 2021 : ਮੋਰਚੇ ਦੀ ਫਤਿਹ ਦਾ ਐਲਾਨ