ਬਿਉਰੋ ਰਿਪੋਰਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ‘ਬਰਵਿਕ ਸਪਰਿੰਗਜ਼ ਝੀਲ’ ਦਾ ਨਾਂ ਬਦਲ ਕੇ ‘ਗੁਰੂ ਨਾਨਕ ਲੇਕ’ ਰੱਖ ਦਿਤਾ ਹੈ। ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਵਿਚ ਲੰਗਰ ਸਮਾਗਮਾਂ ਲਈ 6 ਲੱਖ ਡਾਲਰ ਵੀ ਦਿੱਤੇ ਗਏ ਹਨ।
ਵਿਕਟੋਰੀਆ ਵਿੱਚ 91,000 ਸਿੱਖ ਵੱਸਦੇ ਹਨ। ਜਾਣਕਾਰੀ ਮੁਤਾਬਕ ਸਿੱਖ ਭਾਈਚਾਰੇ ਦੇ ਆਗੂਆਂ ਤੇ ਸਥਾਨਕ ਰਵਾਇਤੀ ਮਾਲਕਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ। ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿਟ ਨੇ ਕਿਹਾ, ‘‘ਮੈਨੂੰ ਵਿਕਟੋਰੀਆ ਵਿਚ ਸਾਡੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇਕ ਇਤਿਹਾਸਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।’’
ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ, ‘‘ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਵੰਨ-ਸੁਵੰਨਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ।’’