‘ਦ ਖ਼ਾਲਸ ਬਿਊਰੋ ( ਫਰੀਦਕੋਟ ) :- ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ‘ਚ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦੇ ਪੰਜ ਸਾਲ ਬੀਤਣ ਮਗਰੋਂ ਵੀ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਦੀ ਆਸ ਦਿਖਾਈ ਨਹੀਂ ਦੇ ਰਹੀ। ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ‘SIT ਨੇ ਉਸ ਵੇਲੇ ਦੇ DGP ਸੁਮੇਧ ਸੈਣੀ, IG ਪਰਮਰਾਜ ਸਿੰਘ ਉਮਰਾਨੰਗਲ, SSP ਚਰਨਜੀਤ ਸ਼ਰਮਾ, SP ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਪੰਨੂ, ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਤਤਕਾਲੀ SHO ਅਮਰਜੀਤ ਸਿੰਘ ਕੁਲਾਰ ਤੇ ਸਿਟੀ ਕੋਟਕਪੂਰਾ ਦੇ SHO ਗੁਰਦੀਪ ਪੰਧੇਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ ਪਰ ਜਾਂਚ ਟੀਮ SIT ਦੀ ਕੋਸ਼ਿਸ਼ਾਂ ਦੇ ਬਾਵਜੂਦ ਸਾਬਕਾ DGP ਸੁਮੇਧ ਸੈਣੀ, ਉਮਰਾਨੰਗਲ ਤੇ ਬਾਕੀ ਪੁਲੀਸ ਅਧਿਕਾਰੀਆਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕਰ ਸਕੀ।
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਵੀ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਬਹਿਬਲ ਕਲਾਂ ਗੋਲੀ ਕਾਂਡ ਵਿੱਚ 14 ਅਕਤੂਬਰ ਨੂੰ ਸਵੇਰੇ ਪੁਲੀਸ ਦੀ ਗੋਲੀ ਨਾਲ ਪਿੰਡ ਨਿਆਮੀਵਾਲਾ ਦੇ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦੇ ਵਸਨੀਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ 33 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਪੁਲੀਸ ਨੇ ਧਰਨਾਕਾਰੀਆਂ ਖ਼ਿਲਾਫ਼ ਕੇਸ ਕੀਤਾ ਅਤੇ ਦੋ ਕਤਲਾਂ ਦੇ ਮਾਮਲੇ ਵਿਚ ਅੱਠ ਦਿਨਾਂ ਬਾਅਦ 21 ਅਕਤੂਬਰ ਨੂੰ ਅਣਪਛਾਤੇ ਪੁਲੀਸ ਮੁਲਾਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ।
ਇਸ ਘਟਨਾ ਮਗਰੋਂ DGP ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਅਤੇ ਮਾਮਲੇ ਦੀ ਜਾਂਚ ਜਸਟਿਸ ਜੋਰਾ ਕਮਿਸ਼ਨ ਨੂੰ ਸੌਂਪ ਦਿੱਤੀ ਗਈ। ਸੂਬੇ ਵਿੱਚ ਸਰਕਾਰ ਬਦਲਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਿਤ ਕੀਤਾ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਬਹਿਬਲ ਗੋਲੀ ਕਾਂਡ ਲਈ ਪੁਲੀਸ ਨੂੰ ਕਸੂਰਵਾਰ ਮੰਨਿਆ। ਇਸੇ ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਪੰਜਾਬ ਸਰਕਾਰ ਨੇ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ, ਜਿਸ ਵਿਚ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 80 ਫ਼ੀਸਦੀ ਤੋਂ ਵੱਧ ਪੜਤਾਲ ਮੁਕੰਮਲ ਕਰ ਲਈ ਹੈ। ਜਾਂਚ ਟੀਮ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਹੁਣ ਤੱਕ ਦੋ-ਦੋ ਚਲਾਨ ਪੇਸ਼ ਕਰ ਚੁੱਕੀ ਹੈ।
ਜਾਂਚ ਟੀਮ ਨੇ ਆਪਣੀ ਪੜਤਾਲ ਵਿੱਚ ਦਾਅਵਾ ਕੀਤਾ ਹੈ ਕਿ ਨਿਹੱਥੇ ਲੋਕਾਂ ’ਤੇ ਗੋਲੀ ਚਲਾਉਣ ਲਈ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਜੀਪੀ ਸੁਮੇਧ ਸੈਣੀ ਅਤੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਪਰ ਇਸ ਦਾਅਵੇ ਦੇ ਬਾਵਜੂਦ ਜਾਂਚ ਟੀਮ ਅਜੇ ਤਕ ਸੁਖਬੀਰ ਸਿੰਘ ਬਾਦਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕਰ ਸਕੀ। ਇਸ ਮਾਮਲੇ ਵਿੱਚ ਨਾਮਜ਼ਦ ਹੋਏ ਮੁਲਜ਼ਮ ਉੱਚ ਪੁਲੀਸ ਅਧਿਕਾਰੀ ਹੋਣ ਕਾਰਨ ਅਦਾਲਤਾਂ ਵਿਚ ਮਾਮਲੇ ਦੀ ਤੋਰ ਕਾਫ਼ੀ ਮੱਧਮ ਹੋ ਗਈ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਵਿਚ ਜਾਂਚ ਟੀਮ ਗੁਰਮੀਤ ਰਾਮ ਰਹੀਮ ਤਕ ਪਹੁੰਚ ਸਕਦੀ ਹੈ। ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਉਡੀਕ ਬਹੁਤ ਲੰਮੀ ਹੋ ਗਈ ਹੈ। ਅਜੇ ਵੀ ਨਹੀਂ ਪਤਾ ਕਿ ਮੁਲਜ਼ਮਾਂ ਬਾਰੇ ਅਦਾਲਤ ਦਾ ਫ਼ੈਸਲਾ ਕਦੋਂ ਆਵੇਗਾ।
ਪੜਤਾਲ ਛੇਤੀ ਮੁਕੰਮਲ ਹੋਵੇਗੀ
ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਤਨਦੇਹੀ ਨਾਲ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ ਅਤੇ ਇਹ ਪੜਤਾਲ ਲਗਪਗ ਮੁਕੰਮਲ ਹੋਣ ਵਾਲੀ ਹੈ। ਦੋਵਾਂ ਮਾਮਲਿਆਂ ਵਿਚ ਹੁਣ ਤਕ 12 ਮੁਲਜ਼ਮ ਨਾਮਜ਼ਦ ਹੋ ਚੁੱਕੇ ਹਨ।

