‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਕੁਦਰਤ ਇੰਨੀ ਵਿਸ਼ਾਲ ਹੈ ਕਿ ਜ਼ਰੂਰੀ ਨਹੀਂ ਇਸਦੇ ਸਾਰੇ ਵਰਤਾਰੇ ਮਨੁੱਖ ਦੀ ਸਮਝ ਦੇ ਪੱਲੇ ਪੈ ਜਾਣ।ਫੁੱਲ-ਬੂਟੇ, ਕੱਖ-ਕੰਡੇ ਸਾਰਿਆਂ ਦੀ ਆਪਣੀ ਕਹਾਣੀ ਹੈ ਤਾਸੀਰ ਹੈ ਤੇ ਇਹ ਵੀ ਹੈ ਕਿ ਸਾਰਾ ਕੁੱਝ ਮਨੁੱਖ ਇਕੱਲੇ ਦੀ ਵਰਤੋਂ ਲਈ ਨਹੀਂ ਹੈ।ਵਿਗਿਆਨੀ ਸਦੀਆਂ ਤੋਂ ਸਜੀ ਪਈ ਕਾਦਰ ਦੀ ਇਸ ਕੁਦਰਤ ਦੇ ਰਹੱਸ ਫਰੋਲਣ ਲਈ ਸਿਰ ਖੁਰਚ ਰਹੇ ਹਨ। ਇਸੇ ਖੋਜ ਵਿੱਚੋਂ ਵਿਗਿਆਨੀਆਂ ਨੇ ਕੁੱਝ ਅਜਿਹੇ ਬੂਟੇ ਲੱਭੇ ਹਨ, ਜਿਨ੍ਹਾਂ ਨੂੰ ਛੂਹਣ ਨਾਲ ਹੀ ਬੰਦੇ ਦੀ ਨਬਜ਼ ਖਲੋ ਸਕਦੀ ਹੈ।ਜੇ ਇਹ ਨਾ ਹੋਇਆ ਤਾਂ ਅਜਿਹੀ ਬਿਮਾਰੀ ਲੱਗ ਸਕਦੀ ਹੈ ਕਿ ਤੁਸੀਂ ਸਾਰੀ ਉਮਰ ਬਿਸਤਰੇ ਉੱਪਰ ਲਿਟੇ ਰਹੋਗੇ।ਇਹ ਖਾਸ ਤਰ੍ਹਾਂ ਦੇ ਬੂਟੇ ਬਿਮਾਰੀਆਂ ਦੀ ਜੜ੍ਹ ਹਨ। ਇਨਸਾਨ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਉਹ ਇਨ੍ਹਾਂ ਬਾਰੇ ਜਾਣਕਾਰੀ ਰੱਖੇ ਤੇ ਆਪਣਾ ਬਚਾਅ ਕਰੇ। ਆਓ, ਤੁਹਾਨੂੰ ਅਜਿਹੇ ਪੌਦਿਆਂ ਬਾਰੇ ਦੱਸਦੇ ਹਾਂ, ਜਿਹੜੇ ਤੁਹਾਡੇ ਲਈ ਖਤਰੇ ਦੀ ਘੰਟੀ ਹਨ।
ਸਰਬੇਰਾ ਓਡੋਲਮ
ਵਿਗਿਆਨੀ ਇਸ ਪੌਦੇ ਨੂੰ ਸੁਸਾਇਡ ਟ੍ਰੀ ਕਹਿੰਦੇ ਹਨ। ਇਸਦੀ ਵਰਤੋਂ ਕਈ ਲੋਕ ਦੂਜਿਆਂ ਨੂੰ ਮਾਰਨ ਲਈ ਵੀ ਕਰਦੇ ਹਨ। ਉਪਰੋਂ ਪਰੇਸ਼ਾਨੀ ਇਹ ਹੈ ਕਿ ਇਹ ਪੌਦਾ ਵਿਗਿਆਨੀਆਂ ਦੀ ਜਾਂਚ ਵਿੱਚ ਬਹੁਤੀ ਅਸਾਨੀ ਨਾਲ ਨਹੀਂ ਆਉਂਦਾ।ਦੂਜੇ ਦਾ ਮਰਡਰ ਕਰਨ ਲਈ ਕਈ ਅਪਰਾਧੀ ਇਸਦੀ ਜ਼ਹਿਰ ਵਰਤਦੇ ਹਨ।
ਰੋਜਰੀ ਪੀ
ਦੇਖਣ ਵਿੱਚ ਜਿੰਨਾ ਇਹ ਸੋਹਣਾ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਖਤਰਨਾਕ ਹੁੰਦਾ ਹੈ।ਜੇਕਰ ਤੁਸੀਂ ਭੁੱਲ ਕੇ ਵੀ ਇਸਨੂੰ ਖੁਰਚ ਬਹਿੰਦੇ ਹੋ ਜਾਂ ਚਬਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਮਿੰਟਾਂ-ਸਕਿੰਟਾਂ ਵਿੱਚ ਤੁਸੀਂ ਜਾਨ ਤੋਂ ਹੱਥ ਥੋ ਬੈਠਦੇ ਹੋ।ਇਸਦੇ ਬੀਜ ਵਿੱਚ ਐਬ੍ਰਿਨ ਨਾਂ ਦਾ ਤੱਤ ਹੁੰਦਾ ਹੈ, ਜਿਸਦਾ ਸਿਰਫ 3 ਮਾਈਕ੍ਰੋਗ੍ਰਾਮ ਜ਼ਹਿਰ ਕਿਸੇ ਬੰਦੇ ਦੇ ਸਾਹ ਠੰਡੇ ਕਰ ਸਕਦਾ ਹੈ।
ਮੰਚੀਨੀਲ ਟ੍ਰੀ
ਇਹ ਦੁਨੀਆਂ ਦਾ ਸਭ ਤੋਂ ਖਤਰਨਾਕ ਬੂਟਾ ਮੰਨਿਆਂ ਗਿਆ ਹੈ। ਇਹ ਪੌਦਾ ਸੈਂਟ੍ਰਲ ਸਾਊਥ ਅਮਰੀਕਾ ਵਿੱਚ ਮਿਲਦਾ ਹੈ। ਮੰਚੀਨੀਲ ਟ੍ਰੀ ਦਾ ਫਲ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਮਾੜਾ ਜਿਹਾ ਖਾਣ ਨਾਲ ਹੀ ਇਹ ਇਨਸਾਨ ਨੂੰ ਖਤਮ ਕਰ ਦਿੰਦਾ ਹੈ।ਇੰਨਾ ਹੀ ਨਹੀਂ ਬਿਨਾਂ ਸੁਰੱਖਿਆ ਇਸ ਬੂਟੇ ਦੇ ਨੇੜੇ ਜਾਣਾ ਵੀ ਮੌਤ ਨੂੰ ਹੱਥ ਲਾਉਣਾ ਹੈ।ਇਸੇ ਕਾਰਨ ਇਸ ਪੌਦੇ ਨੂੰ ਡੇਥ ਐਪਲ ਕਿਹਾ ਜਾਂਦਾ ਹੈ।
ਜਾਇੰਟ ਹਾਦਵੀਡ
ਇਹ ਪੌਦਾ ਬ੍ਰਿਟੇਨ ਵਿੱਚ ਮਿਲਦਾ ਹੈ। ਇਸਦਾ ਸਫੇਦ ਫੁੱਲ ਦੇਖਣ ਨੂੰ ਸੋਹਣਾ ਹੁੰਦਾ ਹੈ, ਪਰ ਇਸਦੀ ਤਾਸੀਰ ਉੰਨੀ ਹੀ ਖਤਰਨਾਕ ਹੁੰਦੀ ਹੈ। ਇਸ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।ਜੇਕਰ ਕਿਤੇ ਇਸ ਫੁੱਲ ਦਾ ਸੰਪਰਕ ਅੱਖਾਂ ਨਾਲ ਹੋ ਜਾਵੇ ਤਾਂ ਇਨਸਾਨ ਅੰਨ੍ਹਾ ਵੀ ਹੋ ਸਕਦਾ ਹੈ।