India International Punjab

ਸ਼੍ਰੋਮਣੀ ਕਮੇਟੀ ਨੇ ਅਫ਼ਗਾਨਿਸਤਾਨ ਤੋਂ ਆ ਰਹੇ ਲੋਕਾਂ ਲਈ ਸਰ੍ਹਾਵਾਂ ਖੋਲ੍ਹੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਫ਼ਗਾਨਿਸਤਾਨ ਤਂ ਆਉਣ ਵਾਲੇ ਲੋਕਾਂ ਲਈ, ਖ਼ਾਸ ਤੌਰ ‘ਤੇ ਸਿੱਖਾਂ ਲਈ ਕਈ ਅਹਿਮ ਐਲਾਨ ਕੀਤੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਰੁਜ਼ਗਾਰ ਦੇ ਕੇ ਆਪਣੇ ਫ਼ਰਜ਼ ਪੂਰੇ ਕਰਾਂਗੇ। ਅਸੀਂ ਪੂਰੇ ਪ੍ਰਬੰਧ ਕਰ ਲਏ ਹਨ, ਸਾਡੇ ਕੋਲ ਬਹੁਤ ਸਾਰੀਆਂ ਸਰ੍ਹਾਵਾਂ ਹਨ। ਸੁਲਤਾਨਪੁਰ ਲੋਧੀ ਵਿਖੇ ਸਾਡੇ ਕੋਲ ਵੱਡੀ ਸਰ੍ਹਾਂ ਹੈ, ਜਿੱਥੇ ਅਸੀਂ ਇਨ੍ਹਾਂ ਲੋਕਾਂ ਨੂੰ ਠਹਿਰਾਵਾਂਗੇ। ਜਦੋਂ ਤੱਕ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਹੋ ਜਾਂਦਾ, ਉਦੋਂ ਤੱਕ ਅਸੀਂ ਉਨ੍ਹਾਂ ਦੀ ਪੂਰੀ ਸੇਵਾ ਕਰਾਂਗੇ। ਅਸੀਂ ਉਨ੍ਹਾਂ ਦੀ ਪੈਰਾਂ ‘ਤੇ ਖੜ੍ਹਾ ਹੋਣ ਵਿੱਚ ਵੀ ਪੂਰੀ ਮਦਦ ਕਰਾਂਗੇ। ਉਨ੍ਹਾਂ ਰੁਜ਼ਗਾਰ ਦੇਵਾਂਗੇ, ਉਨ੍ਹਾਂ ਦੇ ਘਰ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਾਂਗੇ।

ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸੀਂ ਚਿੱਠੀ ਲਿਖੀ ਹੈ। ਅਸੀਂ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਸਿੱਖ ਅਫ਼ਗਾਨਿਸਤਾਨ ਵਿੱਚ ਕਿਸੇ ਖਤਰੇ ਵਿੱਚ ਨਾ ਰਹਿਣ ਦਿੱਤੇ ਜਾਣ, ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਹਰੇਕ ਸਿੱਖ ਦੀ ਸਹੂਲਤ ਪੂਰੀ ਕਰੇਗੀ।

ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਸਰਕਾਰ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਜੇ ਬਾਕੀ ਸਭ ਥਾਂਵਾਂ ‘ਤੇ ਭੀੜਾਂ ਹੋ ਸਕਦੀਆਂ ਹਨ ਤਾਂ ਫਿਰ ਗੁਰੂ ਘਰ ਅਜੇ ਤੱਕ ਬੰਦ ਕਿਉਂ ਕੀਤੇ ਗਏ ਹਨ। ਸ਼੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਪਰ ਉੱਥੇ ਸੰਗਤ ਨੂੰ ਕਰੋਨਾ ਦਾ ਡਰ ਨਹੀਂ ਹੈ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਕੋਰੋਨਾ ਨਿਯਮਾਂ ਦਾ ਪੂਰਾ ਪ੍ਰਬੰਧ ਕੀਤਾ ਹੈ। ਬੀਬੀ ਜਗੀਰ ਕੌਰ ਨੇ ਅਸਟ੍ਰੇਲੀਆ ਵਿੱਚ ਸਿੱਖ ਬੱਚਿਆਂ ਨੂੰ ਕਕਾਰ ਪਾਉਣ ਦੀ ਇਜਾਜ਼ਤ ਦੇਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਉੱਥੋਂ ਦੀਆਂ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ।