Punjab

ਬਾਡੀ ਬਿਲਡਰ ਵਰਿੰਦਰ ਘੁੰਮਣ ਮਾਮਲਾ! ਹਾਈਕੋਰਟ ਨੇ ਨਵੇਂ ਮੈਡੀਕਲ ਬੋਰਡ ’ਤੇ ਲਾਈ ਰੋਕ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਅਪ੍ਰੈਲ 2026): ਜਲੰਧਰ ਦੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਵੇਂ (ਦੂਜੇ) ਮੈਡੀਕਲ ਬੋਰਡ ਦੀ ਕਾਰਵਾਈ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਜਸਟਿਸ ਸੁਭਾਸ਼ ਮਹਿਲਾ ਦੀ ਬੈਂਚ ਨੇ ਸੂਬਾ ਸਰਕਾਰ ਨੂੰ ਸਖ਼ਤ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਪਹਿਲਾ ਬੋਰਡ ਪਹਿਲਾਂ ਹੀ ਡਾਕਟਰੀ ਲਾਪਰਵਾਹੀ ਦੀ ਪੁਸ਼ਟੀ ਕਰ ਚੁੱਕਾ ਸੀ, ਤਾਂ ਦੂਜੇ ਬੋਰਡ ਦੀ ਲੋੜ ਕਿਉਂ ਪਈ?

ਪਰਿਵਾਰ ਨੇ ਲਾਏ ਹਸਪਤਾਲ ਨੂੰ ਬਚਾਉਣ ਦੇ ਇਲਜ਼ਾਮ

ਵਰਿੰਦਰ ਘੁੰਮਣ ਦੀ ਮੌਤ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਸਧਾਰਨ ਆਪ੍ਰੇਸ਼ਨ ਦੌਰਾਨ ਹੋਈ ਸੀ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪ੍ਰਭਾਵਸ਼ਾਲੀ ਹਸਪਤਾਲ ਪ੍ਰਬੰਧਨ ਅਤੇ ਮੁਲਜ਼ਮ ਡਾਕਟਰਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਬਾਰਾ ਜਾਂਚ ਬਿਠਾਈ ਸੀ। ਘੁੰਮਣ ਦੇ ਪਰਿਵਾਰਕ ਮੈਂਬਰ ਭੁਪਿੰਦਰ ਸਿੰਘ ਨੇ ਵਕੀਲ ਮੇਹਰ ਸਚਦੇਵ ਰਾਹੀਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੂਜੇ ਬੋਰਡ ਦੇ ਗਠਨ ਨੂੰ ਚੁਣੌਤੀ ਦਿੱਤੀ ਸੀ।

ਹਾਈਕੋਰਟ ਦੀਆਂ ਤਿੱਖੀਆਂ ਟਿੱਪਣੀਆਂ

ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਜਦੋਂ ਪਹਿਲੇ ਬੋਰਡ ਦੇ ਸੱਤ ਮਾਹਿਰਾਂ ਨੇ ਵਿਸਤ੍ਰਿਤ ਜਾਂਚ ਤੋਂ ਬਾਅਦ ਇਲਾਜ ਵਿੱਚ ਲਾਪਰਵਾਹੀ ਪਾਈ ਅਤੇ ਜ਼ਿੰਮੇਵਾਰ ਡਾਕਟਰਾਂ ਦੇ ਨਾਮ ਜਨਤਕ ਕੀਤੇ, ਤਾਂ ਸਰਕਾਰ ਕੋਲ ਅਜਿਹੇ ਕਿਹੜੇ ਨਵੇਂ ਤੱਥ ਆਏ ਜਿਸ ਦੇ ਆਧਾਰ ’ਤੇ ਦੂਜੀ ਵਾਰ ਜਾਂਚ ਦੇ ਹੁਕਮ ਦਿੱਤੇ ਗਏ? ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ 19 ਮਈ, 2026 ਤੱਕ ਜਵਾਬ ਮੰਗਿਆ ਹੈ।

ਕੀ ਹੈ ਪੂਰਾ ਮਾਮਲਾ? 

ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਸਿਵਲ ਸਰਜਨ ਵੱਲੋਂ ਬਣਾਏ ਗਏ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਵਿੱਚ ਚਾਰ ਡਾਕਟਰਾਂ- ਤਪਿਸ਼ ਸ਼ੁਕਲਾ, ਅਲਕਾ ਤਿਵਾਰੀ, ਰਾਜੇਂਦਰ ਕੌਲ ਅਤੇ ਅਰੁਣ ਕੁਮਾਰ ਚੋਪੜਾ ਨੂੰ ਲਾਪਰਵਾਹੀ ਦਾ ਦੋਸ਼ੀ ਪਾਇਆ ਸੀ। ਵਰਿੰਦਰ ਦੇ ਭਰਾ ਰੱਬੀ ਨੇ ਕਿਹਾ ਕਿ ਹਾਈਕੋਰਟ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ।