Punjab Religion

ਵਲਟੋਹਾ ਨੇ ਇੱਕ ਵਾਰ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ‘ਤੇ ਚੁੱਕੇ ਸਵਾਲ

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਇੱਕ ਵਾਰ ਫਿਰ ਤੋਂ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਸਾਵਲ ਚੁੱਕੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਨਖਾਹ ਲਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਫੇਸਬੁੱਕ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀਉ !

*ਸਿੰਘ ਸਾਹਿਬ ਜੀਉ ! 18 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਚੱਲ ਰਹੇ ਕੀਰਤਨ ਨੂੰ ਰੋਕਕੇ ਆਪਣਾ ਨਿੱਜੀ ਭਾਸ਼ਣ ਕਿਉਂ ਦਿੱਤਾ ?

**ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਸਾਮਣੇ ਪੇਸ਼ ਹੋਣ ਦੀ ਥਾਂ ਪੰਜ ਪਿਆਰਿਆਂ ਨੂੰ ਬਾ-ਹੁਕਮ ਆਪਣੇ ਸਾਮਣੇ ਪੇਸ਼ ਕਿਉਂ ਕੀਤਾ ?

*ਗਿਆਨੀ ਹਰਪ੍ਰੀਤ ਸਿੰਘ ਜੀ ਨੇ 16 ਅਕਤੂਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਆਪਣੇ ਨਿਵਾਸ ਵਿੱਚ ਮੇਰੇ ‘ਤੇ ਰੋਂਦਿਆਂ ਹੋਏ ਬੜੇ ਭੱਦੇ ਦੋਸ਼ ਲਾਏ ਸੀ।ਝੂਠੇ ਤੇ ਮਨਘੜਤ ਦੋਸ਼ ਲਾਉਂਦਿਆਂ ਉਨਾਂ ਅਸਤੀਫਾ ਦੇਣ ਦਾ ਵੀ ਐਲਾਨ ਕੀਤਾ ਸੀ।ਗਿਆਨੀ ਹਰਪ੍ਰੀਤ ਸਿੰਘ ਜੀ ਦੇ ਭਾਵੁਕ ਬੋਲਾਂ ਨੇ ਬਾਕੀ ਸਿੱਖਾਂ ਵਾਂਗ ਤੁਹਾਡੇ ‘ਤੇ ਵੀ ਅਸਰ ਕੀਤਾ।ਉਸ ਸਮੇਂ ਤੁਸਾਂ ਡੱਟਕੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਾਥ ਦਿੱਤਾ।ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਮੇਰੇ ‘ਤੇ ਲਾਏ ਝੂਠੇ ਦੋਸ਼ਾਂ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੌਮ ਦੇ ਇੱਕ ਹਿੱਸੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਤੇ ਵੱਡੇ ਪੱਧਰ ‘ਤੇ ਸਾਨੂੰ ਕਿਰਦਾਰਕੁਸ਼ੀ ਨੂੰ ਝੱਲਣਾ ਪਿਆ।ਇਸ ਸਭ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੱਡੀ ਪੀੜਾ ਵਿੱਚੋਂ ਲੰਘਣਾ ਪਿਆ ਹੈ।

ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 16 ਅਕਤੂਬਰ ਦੀ ਵੀਡੀਓ ਵਿੱਚ ਲਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਤੇ ਆਪਣੇ ਨਿੱਜੀ ਮੁਫਾਦ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲਾ ਦੱਸਦਿਆਂ ਓਸੇ ਵਕਤ 16 ਅਕਤੂਬਰ ਨੂੰ ਹੀ ਵੀਡੀਓ ਪਾਕੇ ਆਪਣਾ ਪੱਖ ਕੌਮ ਅੱਗੇ ਸਪੱਸ਼ਟ ਕਰ ਦਿੱਤਾ ਸੀ।ਉਸਤੋਂ ਬਾਦ ਵੀ ਮੈਂ ਕਈ ਵਾਰ ਲਾਏ ਦੋਸ਼ਾਂ ਦੇ ਸਬੂਤ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਮੰਗ ਚੁੱਕਾ ਹਾਂ।ਪਰ ਸਵਾ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ।

ਸਤਿਕਾਰਯੋਗ ਜਥੇਦਾਰ ਜੀਉ !

ਆਪਣੇ ਨਿੱਜੀ ਮੁਫਾਦ ਲਈ ਕਿਸੇ ਸਿੱਖ ਉੱਤੇ ਝੂਠੇ ਤੇ ਭੱਦੇ ਦੋਸ਼ ਲਾਉਣਾ ਧਾਰਮਿਕ ਗੁਨਾਹ ਹੈ।ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਗੁਨਾਹ ਹੋਰ ਵੀ ਕੀਤਾ ਕਿ ਉਨਾਂ ਨੇ ਇਹ ਕੁਫਰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੋਲਿਆ।

ਮੇਰੀ ਤੇ ਮੇਰੇ ਪਰਿਵਾਰ ਦੀ ਬੇਨਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਿਰੁੱਧ ਮਰਯਾਦਾ ਨੂੰ ਭੰਗ ਕਰਨ ਤੇ ਨਿੱਜੀ ਮੁਫਾਦ ਦੀ ਖਾਤਰ ਝੂਠੇ ਦੋਸ਼ ਲਾਉਣ ਦੀਆਂ ਕੀਤੀਆਂ ਅਵੱਗਿਆਵਾਂ ਨੂੰ ਵਿਚਾਰਦੇ ਹੋਏ ਉਨਾਂ ਵਿਰੁੱਧ ਰਹਿਤ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

— ਧੰਨਵਾਦ ਜੀਉ —