ਬਿਊਰੋ ਰਿਪੋਰਟ (27 ਅਗਸਤ): ਜੰਮੂ ਦੇ ਕਟਰਾ ਸਥਿਤ ਵੈਸ਼ਣੋ ਦੇਵੀ ਧਾਮ ਦੇ ਟਰੈਕ ’ਤੇ ਹੋਈ ਲੈਂਡਸਲਾਈਡ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 32 ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਪੁਰਾਣੇ ਟਰੈਕ ’ਤੇ ਅਰਧਕੁਮਾਰੀ ਮੰਦਰ ਤੋਂ ਕੁਝ ਦੂਰ ਇੰਦਰਪ੍ਰਸਥ ਭੋਜਨਾਲੇ ਦੇ ਨੇੜੇ ਵਾਪਰਿਆ।
ਮੰਗਲਵਾਰ ਰਾਤ ਤੱਕ ਸੱਤ ਮੌਤਾਂ ਦੀ ਪੁਸ਼ਟੀ ਹੋਈ ਸੀ, ਪਰ ਸਵੇਰੇ ਤੱਕ ਇਹ ਗਿਣਤੀ ਵੱਧ ਗਈ। ਵੱਡੇ ਪੱਥਰ, ਦਰੱਖਤ ਅਤੇ ਮਲਬਾ ਅਚਾਨਕ ਡਿੱਗ ਪਿਆ ਜਿਸ ਨਾਲ ਵੱਡਾ ਨੁਕਸਾਨ ਹੋਇਆ। ਇਕ ਅੱਖੀਂ ਦੇਖੇ ਗਵਾਹ ਨੇ ਦੱਸਿਆ ਕਿ ਵੱਡੇ ਪੱਥਰ ਅਚਾਨਕ ਡਿੱਗਣ ਲੱਗੇ ਅਤੇ ਸਭ ਕੁਝ ਤਬਾਹ ਹੋ ਗਿਆ।
ਪ੍ਰਸ਼ਾਸਨ ਨੇ ਦੱਸਿਆ ਕਿ 23 ਤੋਂ ਵੱਧ ਲੋਕ ਜ਼ਖ਼ਮੀ ਹਨ ਅਤੇ ਕਈ ਲਾਪਤਾ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਸਮੇਂ ਇਲਾਕੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਵੈਸ਼ਣੋ ਦੇਵੀ ਯਾਤਰਾ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ ਹੈ।
ਮੰਗਲਵਾਰ ਨੂੰ ਜੰਮੂ ਸ਼ਹਿਰ ਵਿੱਚ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 250 ਮਿਮੀ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਕਈ ਥਾਵਾਂ ’ਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਘਰਾਂ ਅਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ।
ਨਾਰਦਰਨ ਰੇਲਵੇ ਨੇ ਵੀ ਅੱਜ ਜੰਮੂ-ਕਟਰਾ ਤੋਂ ਚੱਲਣ ਵਾਲੀਆਂ ਅਤੇ ਇੱਥੇ ਰੁਕਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ, ਜਦਕਿ 27 ਰੇਲਾਂ ਨੂੰ ਛੋਟੀ ਦੂਰੀ ਲਈ ਚਲਾਇਆ ਗਿਆ ਹੈ। ਹਾਲਾਂਕਿ ਕਟਰਾ-ਸ਼੍ਰੀਨਗਰ ਵਿਚਕਾਰ ਰੇਲ ਸੇਵਾ ਜਾਰੀ ਹੈ।