ਕੈਨਬਰਾ : ਪੰਜਾਬੀਆਂ ਦਾ ਮੁੱਖ ਤਿਉਹਾਰ ਮੰਨੇ ਜਾਂਦੇ ਵਿਸਾਖੀ ਨੂੰ ਸੱਤ ਸਮੁੰਦਰੋਂ ਪਾਰ ,ਵਿਦੇਸ਼ੀ ਧਰਤੀ ਤੇ ਵੀ ਬਹੁਤ ਮਾਣ-ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਇਸ ਦੀ ਇੱਕ ਉਦਾਹਰਣ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਤੇ ਦੇਸ਼ ਦੀ ਰਾਜਧਾਨੀ ਕੈਨਬਰਾ ‘ਚ ਦੇਸ਼ ਦੀ ਪਾਰਲੀਮੈਂਟ ਨੂੰ ਜਾਂਦੇ ਦੋ ਮੁੱਖ ਰਸਤਿਆਂ ‘ਤੇ ਨਿਸ਼ਾਨ ਸਾਹਿਬ ਝੁਲਾਏ ਗਏ ਹਨ। ਜੋ ਕਿ ਇੱਕ ਵਿਲੱਖਣ ਤੇ ਅਦੁਤੀ ਨਜ਼ਾਰਾ ਪੇਸ਼ ਕਰ ਰਹੇ ਸਨ।
“ਖਾਲਸਾ ਸਾਜਨਾ” ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਹ ਨਿਵੇਕਲਾ ਉਪਰਾਲਾ ਕੈਨਬਰਾ ‘ਚ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਉਥੋਂ ਦੀ ਸਮੂਹ ਸੰਗਤ ਦੁਆਰਾ ਕੀਤਾ ਗਿਆ ਹੈ । ਵਿਸਾਖ ਮਹੀਨੇ ਦੀ ਸ਼ੁਰੂਆਤ ਵੇਲੇ ਮਨਾਏ ਜਾਂਦੇ ਇਸ ਤਿਉਹਾਰ ਨੂੰ ਨਾ ਸਿਰਫ ਪੰਜਾਬ ਸਗੋਂ ਹੋਰ ਜਿਥੇ ਕਿਤੇ ਵੀ ਪੰਜਾਬੀ ਵਸਦੇ ਹੋਣ,ਉਥੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।