The Khalas Tv Blog India Special Report-, ਹਰਿਦਵਾਰ ਕੁੰਭ ਮੇਲਾ – ਉੱਤਰਾਖੰਡ ਦੀ ਸਰਕਾਰ ਦਾ ਕੋਰੋਨਾ ਟੈਸਟਾਂ ਨੂੰ ਲੈ ਕੇ ‘ਵੱਡਾ ਝੂਠ’
India

Special Report-, ਹਰਿਦਵਾਰ ਕੁੰਭ ਮੇਲਾ – ਉੱਤਰਾਖੰਡ ਦੀ ਸਰਕਾਰ ਦਾ ਕੋਰੋਨਾ ਟੈਸਟਾਂ ਨੂੰ ਲੈ ਕੇ ‘ਵੱਡਾ ਝੂਠ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਦਵਾਰ ਦਾ ਕੁੰਭ ਮੇਲਾ ਮੁੱਕਣ ਤੋਂ ਬਾਅਦ ਇਹ ਬਹੁਤ ਹੀ ਗੰਭੀਰ ਤੇ ਪਰੇਸ਼ਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਿਕ ਇਸ ਸਾਲ 1 ਤੋਂ 30 ਅਪ੍ਰੈਲ ਦਰਮਿਆਨ ਹਰਿਦਵਾਰ ਦੀਆਂ ਦੋ ਨਿੱਜੀ ਲੈਬੋਰੇਟਰੀਜ਼ ਵਿੱਚ ਇਕ ਲੱਖ ਤੋਂ ਵੀ ਵੱਧ ਕੋਵਿਡ ਟੈਸਟਾਂ ਦੀ ਰਿਪੋਰਟ ਝੂਠੀ ਸੀ।ਇਸ ਮਾਮਲੇ ਦੀ ਹੁਣ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


ਵੱਡਾ ਆਰਥਿਕ ਘੁਟਾਲਾ ਹੋਣ ਦੇ ਨਾਲ ਨਾਲ ਇਹ ਲੋਕਾਂ ਲਈ ਰਿਸਕ ਨਾਲ ਭਰਿਆ ਕੰਮ ਦੱਸਿਆ ਜਾ ਰਿਹਾ ਹੈ। ਹਾਲਾਤ ਇਹ ਬਣਾਏ ਗਏ ਹਨ ਕਿ ਇਸ ਦੌਰਾਨ ਬਹੁਤ ਸਾਰੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੱਸੀ ਗਈ ਹੈ। ਹਰਿਦਵਾਰ ਵਿਚ ਕੋਰੋਨਾ ਪਾਜੇਟਿਵਿਟੀ ਰੇਟ ਸੂਬੇ ਦੇ ਹੋਰ ਜਿਲ੍ਹਿਆਂ ਨਾਲੋਂ ਬਹੁਤ ਘੱਟ ਸੀ। ਇਸ ਮਾਮਲੇ ਨੂੰ ਲੈ ਕੇ ਨੈਨੀਤਾਲ ਹਾਈਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਖਿਲ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ 22 ਅਪ੍ਰੈਲ ਨੂੰ ਪੰਜਾਬ ਦੇ ਫਰੀਦਕੋਟ ਦੇ ਇਕ ਐਲਆਈਸੀ ਏਜੰਟ ਨੂੰ ਮੋਬਾਇਲ ‘ਤੇ ਮੈਸੇਜ ਆਇਆ ਕਿ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਵਿਪਨ ਨਾਂ ਦੇ ਇਸ ਸਖਸ਼ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੀ ਨਹੀਂ ਸੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਇਸਦੀ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ।

ਵਿਪਨ ਨੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਟ ਨੂੰ ਮੇਲ ਰਾਹੀਂ ਸ਼ਿਕਾਇਤ ਵੀ ਭੇਜੀ ਗਈ। ਆਈਸੀਐੱਮਆਰ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਿਪਨ ਦਾ ਹਰਿਦਵਾਰ ਵਿਚ ਕੋਰੋਨਾ ਟੈਸਟ ਕੀਤਾ ਹੈ। ਇਸਦੀ ਜਾਂਚ ਉੱਤਰਾਖੰਡ ਸਿਹਤ ਵਿਭਾਗ ਨੂੰ ਸੌਪੀ ਗਈ ਹੈ।

ਸਿਹਤ ਸਕੱਤਰ ਅਮਿਤ ਨੇਗੀ ਨੇ ਜਦੋਂ ਮਾਮਲੇ ਦੀ ਸ਼ੁਰੂਆਤੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਇਕੱਲੇ ਵਿਪਨ ਮਿੱਤਲ ਹੀ ਨਹੀਂ ਸਗੋਂ ਅਜਿਹੇ ਇਕ ਲੱਖ ਫਰਜੀ ਕੋਰੋਨਾ ਟੈਸਟ ਕੀਤੇ ਗਏ ਹਨ। ਇਹ ਹੀ ਮਕਾਨ ਨੰਬਰ ਤੇ ਇਕ ਹੀ ਮੋਬਾਇਲ ਨੰਬਰ ਉੱਤੇ 50-60 ਝੂਠੀਆਂ ਰਿਪੋਰਟਾਂ ਤਿਆਰਾ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਇਸ ਨਿਜੀ ਲੈਬ ਦੀ ਝੂਠੀ ਕੋਰੋਨਾ ਰਿਪੋਰਟ ਦੇ ਮਾਮਲੇ ਦੀ ਜਾਂਚ ਹਰਿਦਵਾਰ ਦੇ ਮੁੱਖ ਵਿਕਾਸ ਅਧਿਕਾਰੀ ਸੌਰਭ ਗਹਰਵਾਰ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਕਮੇਟੀ ਕਰ ਰਹੀ ਹੈ। 15 ਦਿਨਾਂ ਵਿਚ ਇਹ ਕਮੇਟੀ ਆਪਣੀ ਰਿਪੋਰਟ ਦੇਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਨਿਜੀ ਲੈਬ ਨੂੰ ਇਕ ਐਂਟੀਜਨ ਟੈਸਟ ਲਈ ਸਰਕਾਰ ਤਰਫੋਂ 300 ਰੁਪਏ ਮਿਲਦੇ ਹਨ।ਇਸ ਲਈ ਇਕ ਲੱਖ ਟੈਸਟਾਂ ਲਈ ਤਿੰਨ ਕਰੋੜ ਰੁਪਏ ਬਣਦੇ ਹਨ।

ਇਸ ਮਾਮਲੇ ਉੱਤੇ ਹਰਿਦਵਾਪ ਦੇ ਉੱਪ ਮੁੱਖ ਮੈਡੀਕਲ ਅਫਸਰ ਤੇ ਕੋਵਿਡ ਟੈਸਟਿੰਗ ਦੇ ਇੰਚਾਰਜ ਡਾ. ਵਿਨੋਦ ਟਮਟਾ ਦੱਸਦੇ ਹਨ ਕਿ ਨਿੱਜੀ ਲੈਬ ਨੂੰ ਇਕ ਟੈਸਟ ਉੱਤੇ 300 ਰੁਪਏ ਦੇਣ ਦਾ ਠੇਕਾ ਹੈ ਪਰ ਉਹ ਕੋਰੋਨਾ ਦੀ ਝੂਠੀ ਰਿਪੋਰਟ ਉੱਤੇ ਚੁੱਪ ਵੱਟ ਰਹੇ ਹਨ।

ਦੱਸ ਦਈਏ ਕਿ ਆਰਟੀਪੀਸੀਆਰ ਟੈਸਟ ਲਈ ਤਿੰਨ ਵਰਗ ਬਣਾਏ ਗਏ ਹਨ।ਸਰਕਾਰੀ ਸੈਟਅਪ ਤੋਂ ਲਏ ਗਏ ਸੈਂਪਲ ਦੀ ਜਾਂਚ ਲਈ ਨਿਜੀ ਲੈਬ ਨੂੰ ਪ੍ਰਤੀ ਸੈਂਪਲ 400 ਰੁਪਏ ਦੇਣੇ ਹੁੰਦੇ ਹਨ। ਜੇਕਰ ਨਿੱਜੀ ਲੈਬ ਆਪ ਸੈਂਪਲ ਲੈਂਦੀ ਹੈ ਤਾਂ 700 ਰੁਪਏ ਦਾ ਭੁਗਤਾਨ ਹੁੰਦਾ ਹੈ। ਘਰ ਜਾ ਕੇ ਸੈਂਪਲ ਲੈਣ ਲਈ 900 ਰੁਪਏ ਮਿਲਦੇ ਹਨ। ਇਹ ਦਰਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ।

ਇਸ ਨਿੱਜੀ ਲੈਬ ਨੂੰ 30 ਫੀਸਦ ਭੁਗਤਾਨ ਹੋ ਵੀ ਚੁੱਕਾ ਹੈ। ਜਾਣਕਾਰੀ ਦੇ ਅਨੁਸਾਰ ਕੁੰਭ ਦੌਰਾਨ 1 ਤੋਂ 30 ਅਪ੍ਰੈਲ ਤੱਕ ਰੋਜਾਨਾਂ 50 ਹਜ਼ਾਰ ਟੈਸਟ ਕਰਨ ਲਈ ਕਿਹਾ ਗਿਆ ਸੀ।

ਇਸ ਲਈ ਆਈਸੀਐਮਆਰ ਨੇ 9 ਰਜਿਸਟਰਡ ਏਜੰਸੀਆਂ ਤੇ 22 ਨਿੱਜੀ ਲੈਬੋਰੇਟਰੀਆਂ ਨੇ 4 ਲੱਖ ਟੈਸਟ ਕੀਤੇ ਸਨ।

ਹਰਿਦਵਾਰ ਵਿਚ 12 ਤੋਂ 14 ਅਪ੍ਰੈਲ ਤੱਕ ਦੋ ਵੱਡੇ ਸ਼ਾਹੀ ਸਨਾਨ ਸੰਪਨ ਹੋਏ ਤੇ ਲੱਖਾਂ ਸ਼ਰਧਾਲੂਆਂ ਨੇ ਇਸ ਵਿਚ ਸ਼ਮੂਲੀਅਤ ਕੀਤੀ ਸੀ। ਮੇਲਾ ਅਧਿਕਾਰੀ ਨੇ 10 ਤੋਂ 14 ਅਪ੍ਰੈਲ ਤੱਕ ਜੋ ਕੋਵਿਡ ਟੈਸਟਾਂ ਦੇ ਅੰਕੜੇ ਸਾਂਝੇ ਕੀਤੇ ਹਨ, ਉਨ੍ਹਾਂ ਮੁਤਾਬਿਕ ਪੰਜ ਦਿਨਾਂ ਵਿਚ 2,14,015 ਐਂਟੀਜਨ ਟੈਸਟ ਕੀਤੇ ਗਏ ਹਨ।
ਦਰਾਂ ਦੇ ਮੁਤਾਬਿਕ ਐਂਟੀਜਨ ਟੈਸਟ ਦੀ ਕੀਮਤ 64, 204,500 ਰੁਪਏ, ਆਰਟੀਪੀਸੀਆਰ ਟੈਸਟ ਦੀ ਕੀਮਤ 10,661,600 ਰੁਪਏ (400 ਰੁਪਏ ਦੇ ਘੱਟੋ ਘੱਟ ਮੁੱਲ ਦੇ ਹਿਸਾਬ ਨਾਲ) ਯਾਨੀ ਕਿ ਕੁਲ ਮਿਲਾ ਕੇ 64,204,500 ਰੁਪਏ ਬਣਦੀ ਹੈ।

ਦੱਸ ਦਈਏ ਕਿ ਇਹ ਝੂਠੀ ਰਿਪੋਰਟ ਇੰਨਾ ਵੱਡਾ ਘੁਟਾਲਾ ਹੋ ਸਕਦੀ ਹੈ, ਪੰਜ ਦਿਨਾਂ ਦੇ ਇਹ ਟੈਸਟਾਂ ਦਾ ਹਿਸਾਬ ਕਿਤਾਬ ਸਿਰਫ ਲਗਾਉਣ ਵਾਸਤੇ ਹੈ।

ਇਸ ਮਾਮਲੇ ਦੀ ਨੈਨੀਤਾਲ ਹਾਈਕੋਰਟ ਵਿੱਚ ਦਾਖਿਲ ਕੀਤੀ ਗਈ ਪਟੀਸ਼ਨ ਵਿੱਚ ਸੀਬੀਆਈ ਜਾਂਚ ਦੀ ਗੱਲ ਵੀ ਕਹੀ ਗਈ ਹੈ।ਇਸ ਮਾਮਲੇ ਦੀ 23 ਜੂਨ ਨੂੰ ਸੁਣਵਾਈ ਹੋ ਰਹੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਾਡੇ ਕੋਲ ਅੰਕੜੇ ਹੀ ਨਹੀਂ ਹਨ ਤਾਂ ਕੋਵਿਡ ਦਾ ਸਹੀ ਪ੍ਰਬੰਧ ਕਿਵੇਂ ਹੋ ਸਕਦਾ ਹੈ।ਜਿਲ੍ਹਾ ਪ੍ਰਸ਼ਾਸਨ ਦੇ ਅੰਕੜੇ ਹਮੇਸ਼ਾ ਹੀ ਸ਼ੱਕ ਪੈਦਾ ਕਰਦੇ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਇਸ ਪਟੀਸ਼ਨ ਵਿਚ ਸਟਾਰ ਐਮੇਜਿੰਗ ਪੈਥ ਲੈਬ ਪ੍ਰਾਇਵੇਟ ਲਿਮਟਿਡ ਵਿਚ ਠੇਕੇ ਤੇ ਕੰਮ ਕਰਨ ਵਾਲੇ ਨੌਜਵਾਨਾਂ ਦਾ ਇਕ ਪੱਤਰ ਵੀ ਸ਼ਾਮਿਲ ਹੈ, ਜੋ ਜਿਲ੍ਹਾ ਅਧਿਕਾਰੀ ਨੂੰ ਲਿਖਿਆ ਗਿਆ ਸੀ। ਇਹ ਸਾਰੇ ਹੀ ਨੌਜਵਾਨ ਹਰਿਦਵਾਰ ਦਾਖਿਲ ਹੋਣ ਲਈ ਰਾਏਵਾਲਾ ਗੇਟ ਤੇ ਆਉਣ ਵਾਲੇ ਲੋਕਾਂ ਦਾ ਟੈਸਟ ਕਰ ਰਹੇ ਸਨ। ਇਨ੍ਹਾਂ ਨੇ ਗਲਤ ਟੈਸਟ ਰਿਪੋਰਟ ਲਈ ਦਬਾਅ ਬਣਾਉਣ ਤੇ ਜਿਲ੍ਹਾ ਅਧਿਕਾਰੀ ਨੂੰ ਪੱਤਰ ਲਿਖ ਕੇ ਇਸਦੀ ਸ਼ਿਕਾਇਤ ਕੀਤੀ ਸੀ। ਇਨ੍ਹਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਨੂੰ ਬਿਨਾ ਟੈਸਟ ਕਿੱਟ ਵਰਤਿਆਂ ਹੀ ਸਾਰੇ ਲੋਕਾਂ ਦੀ ਟੈਸਟ ਰਿਪੋਰਟ ਨੈਗਟਿਵ ਦੱਸਣ ਲਈ ਕਿਹਾ ਗਿਆ ਸੀ।ਸਿਰਫ ਪੁਲਿਸ ਤੇ ਕੁੱਝ ਲੋਕਾਂ ਦੇ ਟੈਸਟ ਸਹੀ ਕਰਨ ਲਈ ਕਿਹਾ ਗਿਆ ਸੀ। ਅਜਿਹਾ ਨਾ ਕਰਨ ਉੱਤੇ ਨੋਕਰੀ ਤੋਂ ਕੱਢ ਦਿੱਤਾ ਗਿਆ।

ਅਜਿਹਾ ਇਸ ਲਈ ਵੀ ਕੀਤਾ ਗਿਆ ਕਿ ਵੱਧ ਤੋਂ ਵੱਧ ਲੋਕ ਇਸ ਮੇਲੇ ਵਿਚ ਸ਼ਾਮਿਲ ਹੋ ਸਕਣ। ਮੀਡੀਆ ਨੂੰ ਵੀ ਜੋ ਬ੍ਰੀਫਿੰਗ ਕੀਤੀ ਗਈ ਉਸ ਵਿਚ ਵੀ ਕੁੱਝ ਹੋਰ ਦੱਸਿਆ ਗਿਆ। ਪਰ ਪ੍ਰਸ਼ਾਸਨ ਇਹ ਭੁੱਲ ਗਿਆ ਕਿ ਇਹ ਝੂਠ ਕਿੰਨੇ ਲੋਕਾਂ ਦੀ ਜਾਨ ਲੈ ਸਕਦਾ ਹੈ। ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧੇ ਸਨ ਤੇ ਕਈ ਮਾਮਲੇ ਇੱਥੋਂ ਸਨਾਨ ਕਰਕੇ ਮੁੜੇ ਲੋਕਾਂ ਵਿਚ ਪਾਏ ਗਏ ਸਨ।

ਕੁੰਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀ ਦਿੱਤਾ ਸੀ ਅਜੀਬ ਬਿਆਨ

ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵਧ ਰਹੇ ਸੀ ਤਾਂ ਇਸ ਵਿਚਕਾਰ ਉਤਰਾਖੰਡ ਦੇ ਹਰਿਦੁਆਰ ਵਿਚ ਮਹਾਕੁੰਭ ਵਿਖੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਕੁੰਭ ਦੇ ਸ਼ੁਰੂਆਤੀ ਦਿਨਾਂ ਵਿਚ ਇੱਥੇ 102 ਤੀਰਥ ਯਾਤਰੀ ਤੇ 20 ਸਾਧੂ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ।ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਮੇਲੇ ‘ਚ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਵੀ ਕਰ ਦਿੱਤਾ ਸੀ। ਇਸ ਵਿਚਕਾਰ ਹਰਿਦੁਆਰ ਵਿਚ ਮਹਾਕੁੰਭ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਜੋ ਬਿਆਨ ਦਿੱਤਾ ਸੀ ਉਹ ਬਹੁਤ ਹੈਰਾਨ ਕਰਨ ਵਾਲਾ ਸੀ।

ਰਾਵਤ ਨੇ ਕਿਹਾ ਕਿ ਕੁੰਭ ’ਚ ਮਾਂ ਗੰਗਾ ਦੀ ਕਿਰਪਾ ਨਾਲ ਕੋਰੋਨਾ ਫੈਲਣ ਨਹੀਂ ਫੈਲੇਗਾ। ਨਾਲ ਹੀ ਇਹ ਵੀ ਕਿਹਾ ਕਿ ਕੁੰਭ ਦੀ ਮਰਕਜ ਨਾਲ ਤੁਲਨਾ ਕਰਨਾ ਵੀ ਗਲਤ ਹੈ। ਰਾਵਤ ਅਨੁਸਾਰ ਪਿਛਲੇ ਸਾਲ ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਤੋਂ ਕੋਰੋਨਾ ਬੰਦ ਕਮਰੇ ਤੋਂ ਫੈਲਿਆ, ਕਿਉਂਕਿ ਇੱਕ ਕਮਰੇ ’ਚ ਸਾਰੇ ਲੋਕ ਸਨ, ਜਦਕਿ ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।

ਕੁੰਭ ’ਚ ਇਕੱਠੇ ਹੋਏ ਲੱਖਾਂ ਲੋਕਾਂ ਦੀ ਭੀੜ ਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਪੈਦਾ ਹੋਏ ਸਵਾਲਾਂ ਬਾਰੇ ਰਾਵਤ ਨੇ ਕਿਹਾ ਸੀ ਹਰਿਦੁਆਰ ’ਚ 16 ਤੋਂ ਵੱਧ ਘਾਟ ਹਨ। ਇਸ ਦੀ ਤੁਲਨਾ ਮਰਕਜ਼ ਨਾਲ ਨਹੀਂ ਕੀਤੀ ਜਾ ਸਕਦੀ।

ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਕੁੰਭ ਮੇਲੇ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸ ਪਰਤਣ ਵਾਲਿਆਂ ਦੀਆਂ ਆ ਰਹੀਆਂ ਕੋਰੋਨਾ ਪੌਜ਼ੀਟਿਵ ਰਿਪੋਰਟਾਂ, ਇੰਨਾਂ ਡਰਾਂ ਨੂੰ ਸੱਚ ਕਰਦੀਆਂ ਲੱਗਦੀਆਂ ਹਨ ਤੇ ਸੰਭਾਵਿਤ ਤੌਰ ‘ਤੇ ਇਹ ਸਭ ਲਾਗ਼ ਦੇ ਫ਼ੈਲਾਅ ਦਾ ਕਾਰਨ ਵੀ ਬਣ ਰਿਹਾ ਹੈ।

ਕੁੰਭ ਤੋਂ ਪਰਤਿਆਂ ਨੂੰ ਲੱਗੀ ਲਾਗ਼

ਜਾਣਕਾਰੀ ਅਨੁਸਾਰ ਹਰਿਦੁਆਰ ਵਿੱਚ 2,642 ਸ਼ਰਧਾਲੂ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਵਿੱਚ ਦਰਜਨਾਂ ਚੋਟੀ ਦੇ ਧਾਰਮਿਕ ਆਗੂ ਵੀ ਸ਼ਾਮਲ ਸਨ।
ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਨੇਪਾਲ ਦੇ ਸਾਬਕਾ ਰਾਜਾ ਗਿਆਨਏਂਦਰ ਸ਼ਾਹ ਅਤੇ ਸਾਬਕਾ ਰਾਣੀ ਕੋਮਲ ਸ਼ਾਹ ਵੀ ਘਰ ਪਰਤਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਹੋਣ ਵਾਲਿਆਂ ਵਿੱਚੋਂ ਸਨ।

ਹੁਣ ਸਵਾਲ ਉੱਠਦਾ ਹੈ ਕਿ ਧਾਰਮਿਕ ਆਯੋਜਨ ਲਈ ਕੀ ਲੱਖਾਂ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ ਗਿਆ। ਕੀ ਸਰਕਾਰਾਂ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਕਰਨ ਲਈ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਸੀ। ਕੀ ਜਾਨ ਦਾ ਖੌਅ ਬਣੇ ਦੌਰ ਵਿਚ ਧਾਰਮਿਕ ਆਯੋਜਨ ਕੀਤੇ ਜਾਣੇ ਕਿੰਨੇ ਕੁ ਜਰੂਰੀ ਹਨ।ਸਵਾਲ ਬਹੁਤ ਹਨ ਪਰ ਉੱਤਰਾਖੰਡ ਦੀ ਸਰਕਾਰ ਨੇ ਜੋ ਝੂਠ ਬੋਲਿਆ ਹੈ ਉਸ ਨਾਲ ਜਰੂਰ ਇਕ ਵਾਰ ਸਵਾਲ ਖੜ੍ਹਾ ਹੋਇਆ ਹੈ ਕਿ ਕੋਰੋਨਾ ਦੇ ਇਸ ਜਾਨਲੇਵਾ ਦੌਰ ਵਿਚ ਸਰਕਾਰ ਦੀ ਕੀ ਸਿਰਫ ਇੰਨੀ ਜਿੰਮੇਦਾਰੀ ਸੀ ਕਿ ਧਾਰਮਿਕ ਇਕੱਠ ਦੇ ਜ਼ਰੀਏ ਸਿਰਫ ਵਾਹਵਾਹੀ ਹੀ ਖੱਟਣੀ ਸੀ। ਕੀ ਸਰਕਾਰ ਦੇ ਮਨ ਵਿੱਚ ਇਕ ਵਾਰ ਵੀ ਨਹੀਂ ਆਇਆ ਕਿ ਇਸ ਜਾਨਲੇਵਾ ਬਿਮਾਰੀ ਨੂੰ ਅਣਗੌਲਿਆਂ ਕਰਨ ਨਾਲ ਮੌਤ ਦਾ ਕਿੰਨਾ ਤਾਂਡਵ ਮਚ ਸਕਦਾ ਹੈ…।।

Exit mobile version