‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਤਰ ਪ੍ਰਦੇਸ਼ ਨੇ ਕੋਰੋਨਾ ਕਾਰਨ ਲਗਾਈਆਂ ਕਈ ਪਾਬੰਦੀਆਂ ਨੂੰ ਸ਼ਰਤਾਂ ਨਾਲ ਖਤਮ ਕਰਨ ਦਾ ਫੈਸਲਾ ਲਿਆ ਹੈ। ਕੱਲ੍ਹ ਤੋਂ ਉੱਤਰ ਪ੍ਰਦੇਸ਼ ਵਿੱਚ ਸਾਰੇ ਰੈਸਟੋਰੈਂਟ ਤੇ ਮਾਲ ਖੋਲ੍ਹੇ ਜਾਣਗੇ। ਇਨ੍ਹਾਂ ਨੂੰ 50 ਫੀਸਦ ਸਮਰੱਥਾ ਵਾਲੇ ਨਿਯਮ ਤਹਿਤ ਖੋਲ੍ਹਿਆ ਜਾ ਰਿਹਾ ਹੈ। 50 ਫੀਸਦ ਸੰਖਿਆਂ ਨਾਲ ਲੋਕ ਰੈਸਟੋਰੈਟਾਂ ਵਿਚ ਬਹਿ ਕੇ ਖਾਣਾ ਖਾ ਸਕਣਗੇ।
ਇਸੇ ਤਰ੍ਹਾਂ ਵੀਕੈਂਡ ਨੂੰ ਛੱਡ ਕੇ ਰਾਤ 9 ਵਜੇ ਤੱਕ ਇਹ ਕਾਰੋਬਾਰ ਖੋਲ੍ਹੇ ਜਾਣ ਨੂੰ ਮਨਜੂਰੀ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਇਹ ਢਿੱਲ੍ਹ ਦੋ ਮਹੀਨੇ ਬਾਅਦ ਦਿੱਤੀ ਜਾ ਰਹੀ ਹੈ।ਇਸੇ ਤਰ੍ਹਾਂ ਕੰਟੇਨਮੈਂਟ ਜੋਨ ਦੇ ਬਾਹਰ ਸਾਰੀਆਂ ਦੁਕਾਨਾਂ ਅਤੇ ਬਜ਼ਾਰ ਹਫਤੇ ਵਿੱਚ ਪੰਜ ਦਿਨ ਖੋਲ੍ਹੇ ਜਾ ਸਕਣਗੇ। ਕਰਫਿਊ ਵੀ ਹੁਣ 7 ਵਜੇ ਦੀ ਥਾਂ 9 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ।ਹਫਤਾਵਾਰੀ ਤਾਲਾਬੰਦੀ ਜਾਰੀ ਰਹੇਗੀ।
ਰਾਜ ਸਰਕਾਰ ਨੇ ਨਿੱਜੀ ਦਫਤਰ ਪੂਰੀ ਸਮਰਥਾ ਨਾਲ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਸਿਨੇਮਾ, ਜਿੰਮ, ਸਵੀਮਿੰਗ ਪੂਲ, ਸਕੂਲ-ਕਾਲੇਜ, ਵਿੱਦਿਅਕ ਅਦਾਰੇ ਤੇ ਕੋਚਿੰਗ ਸੈਂਟਰ ਫਿਲਹਾਲ ਬੰਦ ਰਹਿਣਗੇ। ਵਿਆਹ ਸ਼ਾਦੀਆਂ ਵਿਚ 50 ਤੋਂ ਵੱਧ ਲੋਕ ਇਕੱਠਾ ਨਹੀਂ ਹੋਣਗੇ।