‘ਦ ਖ਼ਾਲਸ ਬਿਊਰੋ :- ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਕੁੜੀਆਂ ਦੀ ‘ਫਟੀ ਜੀਂਸ’ ਵਾਲੇ ਬਿਆਨ ‘ਤੇ ਉਨ੍ਹਾਂ ਦੀ ਪਤਨੀ ਪ੍ਰੋਫ਼ੈਸਰ ਰਸ਼ਮੀ ਤਿਆਗੀ ਰਾਵਤ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਤੀਰਥ ਸਿੰਘ ਰਾਵਤ ਦੇ ਬਿਆਨ ਨੂੰ ਪੂਰੇ ਪ੍ਰੰਸਗ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਤੀਰਥ ਸਿੰਘ ਰਾਵਤ ਕਹਿਣਾ ਚਾਹੁੰਦੇ ਸਨ ਕਿ ਲੋਕ ਅੱਖਾਂ ਬੰਦ ਕਰਕੇ ਪੱਛਮੀ ਸੱਭਿਅਤਾ ਦੀ ਨਕਲ ਕਰ ਰਹੇ ਹਨ ਅਤੇ ਆਪਣਾ ਸੱਭਿਆਚਾਰ ਭੁੱਲਦੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ,”ਸੱਭਿਆਚਾਰ ਦੀ ਰਾਖੀ ਕਰਨ ਵਿੱਚ ਔਰਤਾਂ ਦੀ ਕਿੰਨੀ ਵੱਡੀ ਭੂਮਿਕਾ ਹੈ, ਉਹ ਇਸ ਵਿਸ਼ੇ ‘ਤੇ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ, ਇਸ ਉੱਪਰ ਕਿਸੇ ਨੇ ਗੱਲ ਨਹੀਂ ਕੀਤੀ। ਕੀ ਉਨ੍ਹਾਂ ਨੇ ਸਿਰਫ਼ ਜੀਂਸ ‘ਤੇ ਹੀ ਗੱਲ ਕੀਤੀ ਸੀ।” ਰਸ਼ਮੀ ਤਿਆਗੀ ਰਾਵਤ ਨੇ ਕਿਹਾ ਕਿ,” ਮੇਰੇ ਪਤੀ ਕਹਿਣਾ ਚਾਹੁੰਦੇ ਸਨ ਕਿ ਸਥਾਨਕ ਭੋਜਨ ਅਤੇ ਪਹਿਰਾਵੇ ਨੂੰ ਉਤਾਸ਼ਾਹਿਤ ਕਰਨ ਦੀ ਲੋੜ ਹੈ ਅਤੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਈਏ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਤੀਰਥ ਸਿੰਘ ਰਾਵਤ ਔਰਤਾਂ ਦੇ ਮਸਲਿਆਂ ਦੇ ਵੱਡੇ ਹਮਾਇਤੀ ਰਹੇ ਹਨ।