ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਸਰਕਾਰ ਨੇ ਅਬਾਦੀ ਕੰਟਰੋਲ ਦਾ ਤੋੜ ਕੱਢਦਿਆਂ ਕਈ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਰਕਾਰ ਵਲੋਂ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦੇ ਖਰੜੇ ਮੁਤਾਬਕ, ਜਿਸ ਵਿਅਕਤੀ ਦੇ ਦੋ ਤੋਂ ਵੱਧ ਬੱਚੇ ਹਨ, ਉਹਨਾਂ ਨੂੰ ਸਥਾਨਕ ਚੋਣਾਂ ਲੜਨ ਦੀ ਇਜਾਜਤ ਨਹੀਂ ਹੋਵੇਗੀ।
ਸਰਕਾਰ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੇਗੀ।ਇਸੇ ਤਰ੍ਹਾਂ ਸਰਕਾਰੀ ਨੌਕਰੀ ਕਰ ਰਹੇ ਦੋ ਤੋਂ ਵੱਧ ਬੱਚਿਆਂ ਵਾਲੇ ਮੁਲਾਜ਼ਮਾਂ ਨੂੰ ਤਰੱਕੀ ਨਾ ਮਿਲਣ ਦਾ ਵੀ ਖਦਸ਼ਾ ਹੈ ਤੇ ਉਨ੍ਹਾਂ ਨੂੰ ਕੋਈ ਸਰਕਾਰੀ ਸਬਸਿਡੀ ਵੀ ਨਹੀਂ ਮਿਲੇਗੀ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਸਟੇਟ ਲਾਅ ਕਮਿਸ਼ਨ ਦੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਪ੍ਰਦੇਸ਼ ਲਾਅ ਕਮਿਸ਼ਨ ਸੂਬੇ ਦੀ ਆਬਾਦੀ ’ਤੇ ਕੰਟਰੋਲ, ਸਥਿਰਤਾ ਲਿਆਉਣ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਅਤੇ ਉਸ ਨੇ ਬਿੱਲ ਦਾ ਖਰੜਾ ਤਿਆਰ ਕੀਤਾ ਹੈ।
ਲੋਕਾਂ ਤੋਂ ਇਸ ਨੂੰ ਲੈ ਕੇ 19 ਜੁਲਾਈ ਤੱਕ ਸੁਝਾਅ ਵੀ ਮੰਗੇ ਗਏ ਹਨ। ਖਰੜੇ ਮੁਤਾਬਕ ਦੋ ਬੱਚਿਆਂ ਵਾਲੇ ਸਰਕਾਰੀ ਮੁਲਾਜ਼ਮ ਨੂੰ ਸੇਵਾਕਾਲ ਦੌਰਾਨ ਤਨਖਾਹ ’ਚ ਦੋ ਇੰਕਰੀਮੈਂਟ, ਪੂਰੀ ਤਨਖ਼ਾਹ ਅਤੇ ਭੱਤਿਆਂ ਸਮੇਤ 12 ਮਹੀਨਿਆਂ ਦੀ ਵੈਟਰਨਿਟੀ ਛੁੱਟੀ ਤੋਂ ਇਲਾਵਾ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਦੇ ਯੋਗਦਾਨ ਫੰਡ ’ਚ ਤਿੰਨ ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ।