‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਚੰਡੀਗੜ੍ਹ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਾਰੇ ਸਕੂਲਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਭੀੜ ‘ਤੇ ਕੰਟਰੋਲ ਕਰਨ ਲਈ ਇਸ ਵਾਰ ਹੋਲੀ ਨਾਲ ਜੁੜੇ ਪ੍ਰੋਗਰਾਮ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਤੇ ਕਲੱਬਾਂ ‘ਚ ਹੋਣ ਵਾਲੇ ਪ੍ਰੋਗਰਾਮ ਵੀ ਰੱਦ ਕੀਤੇ ਗਏ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਸਾਰੇ ਈਟਿੰਗ ਪਵਾਇੰਟ ਰਾਤ 11 ਵਜੇ ਤੱਕ ਖੁਲ੍ਹੇ ਰਹਿਣਗੇ। ਆਖਰੀ ਆਰਡਰ 10 ਵਜੇ ਲਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦੇ ਵਿਆਹ-ਸ਼ਾਦੀ ਪ੍ਰੋਗਰਾਮ ਕਰਵਾਉਣ ਲਈ ਡੀਸੀ ਤੋਂ ਮੰਨਜ਼ੂਰੀ ਲੈਣੀ ਪਵੇਗੀ।
ਤੀਜੀ ਜਮਾਤ ਤੋਂ ਅੱਠਵੀਂ ਤੱਕ ਦੇ ਪੇਪਰ ਆਨਲਾਇਨ ਡੇਟਸ਼ੀਟ ਮੁਤਾਬਿਕ ਹੀ ਲਏ ਜਾਣਗੇ ਅਤੇ 9ਵੀਂ ਤੇ 11ਵੀਂ ਦੇ ਪੇਪਰਾਂ ਲਈ ਵੀ ਛੇਤੀ ਫੈਸਲਾ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਸੁਖਨਾ ਲੇਕ, ਰੋਜ ਗਾਰਡਨ, ਰੌਕ ਗਾਰਡਨ, ਮੰਡੀਆਂ ‘ਚ ਸਖ਼ਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਮਾਸਕ ਪਹਿਨਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਫਰੰਟ ਲਾਈਨ ਵਰਕਾਰਾਂ ਨੂੰ ਕੋਰੋਨਾ ਵੈਕਸੀਨ ਲਗਵਾਉਣਾ ਲਾਜ਼ਿਮੀ ਕਰ ਦਿੱਤਾ ਗਿਆ ਹੈ।