ਅਮਰੀਕਾ ਨੇ ਯੂਕਰੇਨ ਦੇ ਖ਼ਿਲਾਫ਼ ਵੱਡਾ ਫ਼ੈਸਲਾ ਲੈਂਦਿਆਂ ਯੂਕਰੇਨ ਦੇ ਵੋਲੋਦੀਮੀਰ ਜ਼ੈਲੇਸਕੀ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਸਕੀ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ।
ਬਲੂਮਬਰਗ ਦੀ ਰਿਪੋਰਟ ਅਨੁਸਾਰ, ਇਹ ਹੁਕਮ ਤੁਰੰਤ ਲਾਗੂ ਹੋ ਜਾਵੇਗਾ। ਅਮਰੀਕਾ ਤੋਂ ਯੂਕਰੇਨ ਤੱਕ ਅਜੇ ਤੱਕ ਨਾ ਪਹੁੰਚੀ ਸਹਾਇਤਾ ਨੂੰ ਵੀ ਰੋਕ ਦਿੱਤਾ ਗਿਆ ਹੈ। ਇਸ ਵਿੱਚ ਪੋਲੈਂਡ ਪਹੁੰਚੀਆਂ ਚੀਜ਼ਾਂ ਵੀ ਸ਼ਾਮਲ ਹਨ।
ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਅਨੁਸਾਰ, ਯੂਕਰੇਨ ਨੂੰ ਰੋਕੀ ਗਈ ਸਹਾਇਤਾ ਉਦੋਂ ਤੱਕ ਬਹਾਲ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਰਾਸ਼ਟਰਪਤੀ ਟਰੰਪ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਸੱਚਮੁੱਚ ਸ਼ਾਂਤੀ ਚਾਹੁੰਦੇ ਹਨ।
ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਦੀ ਮੁਅੱਤਲੀ ‘ਤੇ ਨਾ ਤਾਂ ਅਮਰੀਕੀ ਰੱਖਿਆ ਵਿਭਾਗ ਅਤੇ ਨਾ ਹੀ ਰਾਸ਼ਟਰਪਤੀ ਟਰੰਪ ਨੇ ਅਜੇ ਤੱਕ ਕੋਈ ਟਿੱਪਣੀ ਕੀਤੀ ਹੈ। ਰਿਪੋਰਟ ਕੀਤਾ ਗਿਆ ਆਦੇਸ਼ ਵਾਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਟਰੰਪ ਅਤੇ ਜ਼ੈਲੇਸਕੀ ਵਿਚਕਾਰ ਇੱਕ ਮੀਟਿੰਗ ਦੌਰਾਨ ਜਨਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ।