ਵਾਸ਼ਿੰਗਟਨ: ਅਮਰੀਕਾ ਨੇ ਬੁੱਧਵਾਰ ਨੂੰ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਭਾਰਤ ਤੋਂ ਜਵਾਬਦੇਹੀ ਮੰਗੀ ਹੈ। ਅਮਰੀਕੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਅਸੀਂ ਇਹ ਮੁੱਦਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਹੈ ਤੇ ਇਸ ਦੇ ਨਾਲ ਹੀ ਜਾਂਚ ਕਮੇਟੀ ਦੀ ਰਿਪੋਰਟ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਇਸ ਮਾਮਲੇ ਵਿੱਚ ਜਵਾਬ ਚਾਹੁੰਦਾ ਹੈ।
ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਪੁਲਿਸ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਵਿੱਚ 30 ਜੂਨ 2023 ਨੂੰ ਗ੍ਰਿਫ਼ਤਾਰ ਕੀਤਾ ਸੀ। ਨਿਖਿਲ ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ।
ਪਿਛਲੇ ਸਾਲ ਅਮਰੀਕਾ ਨੇ ਇਲਜ਼ਾਮ ਲਾਇਆ ਸੀ ਕਿ ਨਿਊਯਾਰਕ ਵਿੱਚ ਪੰਨੂ ’ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਪਰ ਅਮਰੀਕਾ ਵੱਲੋਂ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਅਮਰੀਕੀ ਏਜੰਸੀਆਂ ਮੁਤਾਬਕ ਇਹ ਪਲਾਨਿੰਗ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ। ਹਾਲਾਂਕਿ ਇਹ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ। ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ 29 ਨਵੰਬਰ 2023 ਨੂੰ ਸਾਹਮਣੇ ਆਈ ਸੀ।
ਚਾਰਜਸ਼ੀਟ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਉੱਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਵਿੱਚ ਲਿਖਿਆ ਹੈ- ਭਾਰਤ ਦੇ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਨੇ ਉਸ ਨੂੰ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਲਈ ਕਿਹਾ ਸੀ। ਨਿਖਿਲ ਨੇ ਕੰਮ ਦੇ ਬਦਲੇ 83 ਲੱਖ ਰੁਪਏ ਦੇਣ ਲਈ ਇੱਕ ਵਿਅਕਤੀ ਨਾਲ ਸੌਦਾ ਕੀਤਾ ਸੀ।
ਇਸ ਤੋਂ ਬਾਅਦ ਇਸ ਸਾਲ ਅਪ੍ਰੈਲ ਵਿੱਚ ਅਮਰੀਕੀ ਮੀਡੀਆ ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੰਨੂ ਦੇ ਕਤਲ ਦੀ ਸਾਜ਼ਿਸ਼ ਪਿੱਛੇ ਭਾਰਤੀ ਏਜੰਸੀ ਰਾਅ (RAW) ਦਾ ਹੱਥ ਸੀ। ਰਿਪੋਰਟ ਮੁਤਾਬਕ ਪੰਨੂ ਦੇ ਕਤਲ ਦੀ ਸਾਰੀ ਪਲਾਨਿੰਗ ਰਾਅ ਦੇ ਸੀਨੀਅਰ ਅਧਿਕਾਰੀ ਵਿਕਰਮ ਯਾਦਵ ਨੇ ਬਣਾਈ ਸੀ। ਉਸ ਨੇ ਇੱਕ ਹਿੱਟ ਟੀਮ ਨੂੰ ਹਾਇਰ ਕੀਤਾ।
ਯਾਦਵ ਨੇ ਪੰਨੂ ਬਾਰੇ ਜਾਣਕਾਰੀ ਭਾਰਤੀ ਏਜੰਟ ਨਿਖਿਲ ਗੁਪਤਾ ਨੂੰ ਭੇਜੀ, ਜਿਸ ਤੋਂ ਪਤਾ ਲੱਗਾ ਕਿ ਉਹ ਨਿਊਯਾਰਕ ਵਿੱਚ ਹੈ। ਇਸ ਤੋਂ ਬਾਅਦ ਨਿਖਿਲ ਗੁਪਤਾ ਨੇ ਪੰਨੂ ਨੂੰ ਮਾਰਨ ਲਈ ਇੱਕ ਏਜੰਟ ਨਾਲ ਸੰਪਰਕ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਕਿ ਯੋਜਨਾ ਸਫ਼ਲ ਹੁੰਦੀ, ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।