‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੀ ਚਿੰਤਾ ਦਾ ਹਵਾਲਾ ਦਿੰਦਿਆਂ ਚੀਨ ਦੀਆਂ ਤਕਰੀਬਨ ਇੱਕ ਦਰਜਨ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਕੁੱਝ ਕੰਪਨੀਆਂ ਚੀਨੀ ਸੈਨਾ ਦੇ ਕਵਾਂਟਮ ਪ੍ਰੋਗਰਾਮ ਨੂੰ ਵਿਕਸਤ ਕਰਨ ਵਿਚ ਮਦਦ ਕਰਨ ਰਹੀਆਂ ਸਨ।ਤਾਈਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਵਧਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਮਹੀਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਵਰਚੁਅਲ ਬੈਠਕ ਵਿਚ ਜਿਨ੍ਹਾਂ ਮੁੱਦਿਆਂ ਉੱਤੇ ਚਰਚਾ ਹੋਈ, ਉਨ੍ਹਾਂ ਵਿਚ ਇਕ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲਾ ਵਪਾਰ ਸੀ।
ਚੀਨ ਦੀਆਂ ਅੱਠ ਟੇਕ ਕੰਪਨੀਆਂ ਨੂੰ ਅਮਰੀਕਾ ਨੇ ਬਲੈਕਲਿਸਟ ਵਿਚ ਸ਼ਾਮਿਲ ਕੀਤਾ ਹੈ। ਇਨ੍ਹਾਂ ਕੰਪਨੀਆਂ ਉੱਤੇ ਚੀਨੀ ਸੈਨਾ ਦੇ ਕਵਾਂਟਮ ਕੰਪਿਊਟਿੰਗ ਪ੍ਰੋਗਰਾਮ ਵਿਚ ਮਦਦ ਕਰਨ ਤੇ ਸੈਨਾ ਪ੍ਰੋਗਰਾਮਾਂ ਲਈ ਅਮਰੀਕੀ ਚੀਜਾਂ ਹਾਸਿਲ ਕਰਨ ਦੇ ਦੋਸ਼ ਹਨ।
ਦੱਸ ਦਈਏ ਕਿ ਸੂਚੀ ਵਿਚ ਚੀਨ, ਜਪਾਨ, ਪਾਕਿਸਤਾਨ, ਸਿੰਗਾਪੁਰ ਤੋਂ ਕੁੱਲ 27 ਸੰਸਥਾਵਾਂ ਨੂੰ ਜੋੜਿਆ ਗਿਆ ਹੈ।ਚੀਨੀ ਸਰਕਾਰ ਨੇ ਪਹਿਲਾਂ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਦੀਆਂ ਕੰਪਨੀਆਂ ਉਦਯੋਗਿਕ ਜਾਸੂਸੀ ਕਰਦੀਆਂ ਹਨ।