ਬਿਉਰੋ ਰਿਪੋਰਟ: ਅੱਜਕਲ੍ਹ UPI ਨਾਲ ਪੈਸਿਆਂ ਦੇ ਲੈਣ-ਦੇਣ (UPI Transaction) ਦਾ ਰੁਝਾਨ ਆਮ ਹੋ ਗਿਆ ਹੈ। ਅੱਜ ਤੋਂ UPI ਪੇਅਮੈਂਟ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਦੁਆਰਾ ਲੈਣ-ਦੇਣ ਦੀ ਰੋਜ਼ਾਨਾ ਦੀ ਸੀਮਾ ਵਿੱਚ ਬਦਲਾਅ ਕੀਤਾ ਹੈ ਜੋ ਅੱਜ ਤੋਂ ਲਾਗੂ ਹੋ ਗਿਆ ਹੈ।
RBI ਨੇ 8 ਅਗਸਤ ਨੂੰ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ UPI ਲੈਣ-ਦੇਣ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਸੀ। NPCI ਨੇ ਸਾਰੇ UPI ਐਪਸ, ਪੇਮੈਂਟ ਸਰਵਿਸ ਪ੍ਰੋਵਾਈਡਰਸ ਅਤੇ ਬੈਂਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਨਵੇਂ ਨਿਰਦੇਸ਼ਾਂ ਅਨੁਸਾਰ ਆਪਣੇ ਸਿਸਟਮ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ ਹੈ।
NPCI ਦੇ ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਤੁਸੀਂ ਅੱਜ ਤੋਂ ਟੈਕਸ ਦਾ ਭੁਗਤਾਨ (Tax Payment) ਕਰਨ ਲਈ UPI ਰਾਹੀਂ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਕਰ ਸਕੋਗੇ। ਹਸਪਤਾਲ ਦੇ ਬਿੱਲ (Hospital Bill), ਵਿਦਿਅਕ ਫੀਸ (Educational Fees), IPO ਅਤੇ ਰਿਟੇਲ ਡਾਇਰੈਕਟ ਸਕੀਮ (Retail Direct Schemes) ਵਿੱਚ ਵੀ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਹਾਲਾਂਕਿ, ਵਧੀ ਹੋਈ ਲਿਮਿਟ ਹਰ ਲੈਣ-ਦੇਣ ਵਿੱਚ ਨਹੀਂ ਵਰਤੀ ਜਾਵੇਗੀ।
ਇਸ ਤੋਂ ਪਹਿਲਾਂ, NPCI ਨੇ ਦਸੰਬਰ, 2021 ਅਤੇ ਦਸੰਬਰ, 2023 ਵਿੱਚ UPI ਲੈਣ-ਦੇਣ ਦੀ ਲਿਮਿਟ ਨੂੰ ਬਦਲਿਆ ਸੀ। ਇਸ ਤੋਂ ਇਲਾਵਾ, ਇੱਕੋ ਖ਼ਾਤੇ ਤੋਂ ਕਈ ਲੋਕਾਂ ਦੁਆਰਾ ਲੈਣ-ਦੇਣ ਕਰਨ ਦੀ ਸਹੂਲਤ UPI ਸਰਕਲ (UPI Circle) ਵੀ ਸ਼ੁਰੂ ਕੀਤੀ ਗਈ ਹੈ।
ਫਿਲਹਾਲ, ਹੋਰ ਸਾਰੀਆਂ ਕਿਸਮਾਂ ਦੇ UPI ਲੈਣ-ਦੇਣ ਲਈ 1 ਲੱਖ ਰੁਪਏ ਦੀ ਰੋਜ਼ਾਨਾ ਦੀ ਸੀਮਾ(Daily Limit) ਹੈ। ਵੱਖ-ਵੱਖ ਬੈਂਕ ਆਪਣੇ ਹਿਸਾਬ ਨਾਲ ਇਹ ਸੀਮਾ ਤੈਅ ਕਰ ਸਕਦੇ ਹਨ ਜਿਸ ਦੇ ਤਹਿਤ ਇਲਾਹਾਬਾਦ ਬੈਂਕ ਦੀ UPI ਲੈਣ-ਦੇਣ ਦੀ ਸੀਮਾ 25,000 ਰੁਪਏ ਹੈ।
ਇਸ ਦੇ ਨਾਲ ਹੀ, HDFC ਬੈਂਕ ਅਤੇ ICICI ਬੈਂਕ 1 ਲੱਖ ਰੁਪਏ ਤੱਕ ਦੇ ਲੈਣ-ਦੇਣ ਨੂੰ ਸਵੀਕਾਰ ਕਰਦੇ ਹਨ ਜਦਕਿ ਕੈਪੀਟਲ ਮਾਰਕਿਟ, ਕਲੈਕਸ਼ਨ, ਇੰਸ਼ਿਊਰੈਂਸ ਅਤੇ ਵਿਦੇਸ਼ੀ ਲੈਣ-ਦੇਣ (Foreign Inward Remittances) ਲਈ ਇਹ ਸੀਮਾ ਪ੍ਰਤੀ ਦਿਨ 2 ਲੱਖ ਰੁਪਏ ਤੱਕ ਹੈ।