India

ਗਰਭਵਤੀ ਪਤਨੀ ਦਾ ਢਿੱਡ ਚੀਰਨ ਵਾਲੇ ਜੱਲਾਦ ਪਤੀ ਨੂੰ ਸਭ ਤੋਂ ਵੱਡੀ ਸਜ਼ਾ! ਸੁਣ ਕੇ ਕੰਭ ਜਾਵੇਗੀ ਰੂਹ

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਸ਼ਖ਼ਸ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦੇ ਪੇਟ ਵਿੱਚ ਪਲ਼ ਰਹੇ ਬੱਚੇ ਦਾ ਲਿੰਗ ਪਤਾ ਕਰਨ ਲਈ ਉਸ ਦਾ ਪੇਟ ਹੀ ਚੀਰ ਦਿੱਤਾ। ਇਸ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੌਰਭ ਸਕਸੈਨਾ ਦੀ ਫਾਸਟ ਟਰੈਕ ਅਦਾਲਤ ਨੇ ਵੀਰਵਾਰ ਨੂੰ ਉਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਘਟਨਾ 19 ਸਤੰਬਰ, 2020 ਨੂੰ ਬਦਾਊਂ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਵਾਪਰੀ ਸੀ ਜਦੋਂ ਪੰਨਾ ਲਾਲ (46) ਨੇ ਆਪਣੀ ਪਤਨੀ ਅਨੀਤਾ ਦੇਵੀ ਉੱਤੇ ਦਾਤਰੀ ਨਾਲ ਹਮਲਾ ਕਰ ਦਿੱਤਾ ਕਿਉਂਕਿ ਇੱਕ ਪੁਜਾਰੀ ਨੇ ਉਸ ਨੂੰ ਭਵਿੱਖਬਾਣੀ ਕਰਕੇ ਦੱਸਿਆ ਸੀ ਕਿ ਉਸਦੀ ਪਤਨੀ ਇੱਕ ਹੋਰ ਕੁੜੀ ਨੂੰ ਜਨਮ ਦੇਣ ਵਾਲੀ ਹੈ।

ਘਟਨਾ ਤੋਂ ਬਾਅਦ ਪਤਨੀ ਅਨੀਤਾ ਨੂੰ ਬਦਾਊਂ ਪੁਲਿਸ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ। ਹਾਲਾਂਕਿ, ਬੱਚਾ ਇਸ ਹਮਲੇ ਤੋਂ ਬਚ ਨਹੀਂ ਸਕਿਆ। ਪੰਨਾ ਲਾਲ ’ਤੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 313 (ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣਾ) ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ। 2021 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਅਨੀਤਾ ਦੇ ਭਰਾ ਰਵੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਨੀਤਾ ਦਾ ਵਿਆਹ ਕਰੀਬ 25 ਸਾਲ ਪਹਿਲਾਂ ਪੰਨਾ ਨਾਲ ਹੋਇਆ ਸੀ। ਉਸ ਨੇ ਪੰਜ ਧੀਆਂ ਨੂੰ ਜਨਮ ਦਿੱਤਾ ਸੀ ਪਰ ਪੰਨਾ ਇੱਕ ਲੜਕਾ ਚਾਹੁੰਦਾ ਸੀ। ਜਦੋਂ ਉਸ ਦੀ ਭੈਣ ਛੇਵੀਂ ਵਾਰ ਗਰਭਵਤੀ ਸੀ ਤਾਂ ਪੰਨਾ ਚਾਹੁੰਦਾ ਸੀ ਕਿ ਉਸ ਦਾ ਗਰਭਪਾਤ ਕਰਵਾ ਦਿੱਤਾ ਜਾਵੇ ਕਿਉਂਕਿ ਉਸ ਨੂੰ ਯਕੀਨ ਸੀ ਕਿ ਇਸ ਵਾਰ ਵੀ ਲੜਕੀ ਹੀ ਹੋਵੇਗੀ। ਕਿਉਂਕਿ ਇੱਕ ਪਿੰਡ ਦੇ ਪੁਜਾਰੀਨੇ ਉਸ ਨੂੰ ਦੱਸਿਆ ਸੀ ਕਿ ਅਨੀਤਾ ਨੂੰ ਇੱਕ ਹੋਰ ਕੁੜੀ ਹੋਵੇਗੀ। ਉਹ ਅਕਸਰ ਅਨੀਤਾ ਨੂੰ ਕੁੱਟਦਾ ਰਹਿੰਦਾ ਸੀ।

ਸਰਕਾਰੀ ਵਕੀਲ ਅਤੁਲ ਸਿੰਘ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਮੁਲਜ਼ਮ ਨੇ ਸ਼ੁਰੂਆਤ ਵਿੱਚ ਅਪਰਾਧ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇੱਕ ਦੁਰਘਟਨਾ ਸੀ। ਹਾਲਾਂਕਿ, ਸਾਡੇ ਦੁਆਰਾ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤ ਅਤੇ ਪਤਨੀ ਦੇ ਬਿਆਨ ਉਸਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਸਾਬਤ ਹੋਏ। ਅਦਾਲਤ ਨੇ ਉਸਨੂੰ ਵੱਧ ਤੋਂ ਵੱਧ ਸਜ਼ਾ (ਉਮਰ ਕੈਦ) ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਉਸ ’ਤੇ 50,000 ਰੁਪਏ ਦਾ ਨਕਦ ਜ਼ੁਰਮਾਨਾ ਵੀ ਲਾਇਆ ਗਿਆ ਹੈ।