‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਵਿਅਕਤੀ ਨੂੰ ਕਥਿਤ ਤੌਰ ਉੱਤੇ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਨੂੰ ਹੈਕ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁੰਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਨੌਜਵਾਨ ਕਥਿਤ ਤੌਰ ‘ਤੇ ਸਹਾਰਨਪੁਰ ਦੇ ਨਕੁੜ ਖੇਤਰ ਵਿੱਚ ਆਪਣੀ ਛੋਟੀ ਕੰਪਿਊਟਰ ਦੀ ਦੁਕਾਨ ਵਿੱਚ ਵੈਬਸਾਈਟ ਹੈਕ ਕਰਕੇ ਹਜ਼ਾਰਾਂ ਦੇ ਕਰੀਬ ਵੋਟਰ ਆਈਡੀ ਕਾਰਡ ਬਣਾ ਚੁੱਕਾ ਸੀ।
ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਦਾ ਦੋਸ਼ੀ ਵਿਪੁਲ ਸੈਣੀ ਈਸੀਆਈ ਦੇ ਅਧਿਕਾਰੀਆਂ ਵੱਲੋਂ ਵਰਤੇ ਜਾਂਦੇ ਪਾਸਵਰਡ ਦੀ ਵਰਤੋਂ ਕਰਕੇ ਇਹ ਕਾਰਨਾਮਾ ਕਰਦਾ ਸੀ।ਈਸੀਆਈ ਨੂੰ ਜਦੋਂ ਗੜਬੜੀ ਦਾ ਸ਼ੱਕ ਹੋਇਆ ਤਾਂ ਇਸਦੇ ਅਧਿਕਾਰੀਆ ਨੇ ਪੁਲਿਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ।ਦਿੱਲੀ ਵਿੱਚ ਜਾਂਚ ਏਜੰਸੀਆਂ ਹੁਣ ਅਦਾਲਤ ਰਾਹੀਂ ਸੈਣੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਨਗੀਆਂ।
ਸਾਈਬਰ ਸੈਲ ਅਤੇ ਸਹਾਰਨਪੁਰ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਸੈਣੀ ਨੂੰ ਦਬੋਚਿਆ ਹੈ।ਸੈਣੀ ਨੇ ਕੁੱਝ ਚਿਰ ਪਹਿਲਾਂ ਹੀ ਯੂਪੀ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਸ (ਬੀਸੀਏ) ਦੀ ਪੜ੍ਹਾਈ ਪੂਰੀ ਕੀਤੀ ਹੈ।ਪੁਲਿਸ ਨੇ ਉਸ ਦੀ ਦੁਕਾਨ ‘ਤੇ ਛਾਪਾ ਮਾਰ ਕੇ ਹਾਰਡ ਡਰਾਈਵ ਅਤੇ ਕੰਪਿਊਟਰ ਵੀ ਜ਼ਬਤ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਸੈਣੀ ਦੇ ਬੈਂਕ ਖਾਤੇ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਹੈ ਤੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ ਨੌਜਵਾਨ ਹਜ਼ਾਰਾਂ ਵੋਟਰ ਆਈਡੀ ਕਾਰਡ ਬਣਾ ਚੁੱਕਾ ਹੈ।ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸੈਣੀ ਨੇ ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੇ ਵਸਨੀਕ ਅਰਮਾਨ ਮਲਿਕ ਨੂੰ ਵੀ ਆਪਣਾ ਸਾਥੀ ਦੱਸਿਆ ਹੈ।