‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਵਿੱਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ। ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ। ਕਣਕਾਂ ਵਿੱਚ ਪਾਣੀ ਖੜਨ ਕਰਕੇ ਫ਼ਸਲ ਦਾ ਰੰਗ ਪੀਲਾ ਪੈਣ ਲੱਗਾ ਹੈ। ਮੀਂਹ ਅਤੇ ਸੀਤ ਲਹਿਰ ਕਰਕੇ ਤਾਪਮਾਨ ਵੀ ਆਮ ਨਾਲੋਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦੋਵਾਂ ਸੂਬਿਆਂ ’ਚ ਮੀਂਹ ਅਤੇ ਅਗਲੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਜਨਵਰੀ ਮਹੀਨੇ ਪੰਜਾਬ ਵਿੱਚ ਰੁਕ-ਰੁਕ ਕੇ ਪੈਂਦੇ ਰਹੇ ਮੀਂਹ ਨਾਲ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਹੁਣ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਆਲੂ ਅਤੇ ਮੂਲੀ ਦੀ ਫ਼ਸਲ ਤਾਂ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ ’ਚ ਫ਼ਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਮੈਦਾਨੀ ਇਲਾਕੇ ਵਿੱਚ ਪੈ ਰਹੇ ਮੀਂਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਰ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਤਾਪਮਾਨ ਵੀ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਵਿਗਾੜ ਕਰਕੇ ਹੀ ਉੱਤਰ ਭਾਰਤ ਦੇ ਮੌਸਮ ’ਚ ਤਬਦੀਲੀ ਆਈ ਹੈ।

Related Post
Khaas Lekh, Khalas Tv Special, Manoranjan, Religion
ਪੰਜਾਬੀ ਸੰਗੀਤ ਦੀ ਲੇਡੀ ਮੂਸੇਵਾਲਾ ਬਣੀ ਮੋਗਾ ਦੀ ਪਰਮ,
October 4, 2025