‘ਦ ਖ਼ਾਲਸ ਬਿਊਰੋ :- ਦੇਸ਼ ‘ਚ ਅੱਜ ਪਹਿਲੀ ਅਕਤੂਬਰ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲਾਕ-5.0 ਦੀਆਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਮੁਤਾਬਿਕ ਹੁਣ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕਈ ਹੋਰ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ 50 ਫ਼ੀਸਦ ਸਮਰੱਥਾ ਨਾਲ ਖੋਲ੍ਹ ਦਿੱਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਛੋਟ ਨੂੰ ਛੱਡ ਹੋਰ ਹਰ ਤਰ੍ਹਾਂ ਦੀ ਕੌਮਾਂਤਰੀ ਯਾਤਰਾ ਉੱਤੇ ਪਾਬੰਦੀ ਰਹੇਗੀ।
15 ਅਕਤੂਬਰ ਤੋਂ ਬਾਅਦ ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਉਹ ਖ਼ੁਦ ਫ਼ੈਸਲੈ ਲੈ ਕੇ ਇਨ੍ਹਾਂ ਨੂੰ ਪੜਾਅਵਾਰ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਹਨ। ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ ਖੋਲ੍ਹਣਨਾਲ ਜੁੜੇ ਨਿਯਮ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਕੀਤੇ ਜਾਣਗੇ। ‘ਬਿਜ਼ਨੈੱਸ ਟੂ ਬਿਜ਼ਨੈੱਸ’ ਪ੍ਰਦਰਸ਼ਨੀਆਂ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ ਤੇ ਇਨ੍ਹਾਂ ਸਬੰਧੀ ਐੱਸਓਪੀ ਵਣਜ ਮੰਤਰਾਲਾ ਜਾਰੀ ਕਰੇਗਾ। ਖਿਡਾਰੀਆਂ ਦੀ ਸਿਖ਼ਲਾਈ ਲਈ ਸਵਿਮਿੰਗ ਪੂਲ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਹਦਾਇਤਾਂ ਖੇਡ ਮੰਤਰਾਲਾ ਜਾਰੀ ਕਰੇਗਾ। ਮਨੋਰੰਜਨ ਪਾਰਕ ਤੇ ਹੋਰ ਥਾਵਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।
ਕੇਸ 62 ਲੱਖ ਤੋਂ ਪਾਰ, ਰਿਕਵਰੀ 83 ਫ਼ੀਸਦ ਤੋਂ ਵੱਧ
ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ ਕੇਸ 62 ਲੱਖ ਤੋਂ ਪਾਰ ਹੋ ਗਏ ਹਨ। 24 ਘੰਟਿਆਂ ਵਿੱਚ 80,472 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੁੱਲ 51,87,825 ਜਣੇ ਠੀਕ ਵੀ ਹੋ ਚੁੱਕੇ ਹਨ। ਇਸ ਤਰ੍ਹਾਂ ਰਿਕਵਰੀ ਦਰ 83.33 ਪ੍ਰਤੀਸ਼ਤ ਹੋ ਗਈ ਹੈ। ਹੁਣ ਤੱਕ ਕੁੱਲ 62,25,763 ਕੇਸ ਸਾਹਮਣੇ ਆ ਚੁੱਕੇ ਹਨ। 24 ਘੰਟਿਆਂ ਵਿਚ 1179 ਮੌਤਾਂ ਹੋਈਆਂ ਹਨ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 97,497 ਹੋ ਗਈ ਹੈ। ਮੁਲਕ ਵਿੱਚ ਲਾਗ਼ ਦੇ ਇਸ ਵੇਲੇ 9,40,441 ਸਰਗਰਮ ਕੇਸ ਹਨ। ਕੋਵਿਡ ਕਾਰਨ ਮੌਤ ਦਰ 1.57 ਫ਼ੀਸਦ ਹੈ। ਆਈਸੀਐਮਆਰ ਮੁਤਾਬਕ ਹੁਣ ਤੱਕ 7,41,96,729 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਕੋਰੋਨਾ ਪੀੜਤ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਸਕੱਤਰੇਤ ਨੇ ਟਵੀਟ ਕੀਤਾ ਹੈ ਕਿ ਉਹ ਠੀਕ-ਠਾਕ ਹਨ ਤੇ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਨਾਇਡੂ ਡਾਕਟਰੀ ਸਲਾਹ ਉੱਤੇ ਅਮਲ ਕਰ ਰਹੇ ਹਨ।