The Khalas Tv Blog Punjab ਯੂਨਾਈਟਿਡ ਸਿੱਖਸ ਸੰਸਥਾ ਨੇ ਦਿੱਲੀ ਨੂੰ ਜਾ ਰਹੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦੇ ਟਰੈਕਟਰਾਂ ਵਿੱਚ ਮੁਫਤ ਤੇਲ ਪਾ ਕੇ ਕੀਤੀ ਸੇਵਾ
Punjab

ਯੂਨਾਈਟਿਡ ਸਿੱਖਸ ਸੰਸਥਾ ਨੇ ਦਿੱਲੀ ਨੂੰ ਜਾ ਰਹੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦੇ ਟਰੈਕਟਰਾਂ ਵਿੱਚ ਮੁਫਤ ਤੇਲ ਪਾ ਕੇ ਕੀਤੀ ਸੇਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੱਜ ਪੂਰੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਕਿਸਾਨੀ ਅੰਦੋਲਨ ਦੀ ਗੂੰਜ ਪਹੁੰਚ ਗਈ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਕੋਈ ਕਿਸਾਨਾਂ ਨੂੰ ਰਾਸ਼ਨ ਪਹੁੰਚਾ ਰਿਹਾ ਹੈ ਤੇ ਕੋਈ ਦਿੱਲੀ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਮੁਫਤ ਤੇਲ ਪਵਾ ਰਿਹਾ ਹੈ।

ਅੰਮ੍ਰਿਤਸਰ ਦੇ ਦਬੁਰਜੀ ਵਿਖੇ ਯੂਨਾਈਟਿਡ ਸਿੱਖਸ ਸੰਸਥਾ ਨੇ ਦਿੱਲੀ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਦੇ ਸਾਰੇ ਵਹੀਕਲਾਂ ਵਿੱਚ ਮੁਫਤ ਤੇਲ ਪਵਾ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ। ਕਿਸਾਨਾਂ ਦੇ ਵਹੀਕਲਾਂ ਵਿੱਚ ਤੇਲ ਪਾਉਣ ਤੋਂ ਇਲਾਵਾ ਵਲੰਟੀਅਰਸ ਨੇ ਕਿਸਾਨਾਂ ਵੱਲੋਂ ਲਿਆਂਦੇ ਗਏ ਵੱਡੇ-ਵੱਡੇ ਡਰੱਮ ਵੀ ਤੇਲ ਨਾਲ ਭਰੇ। ਯੂਨਾਈਟਿਡ ਸਿੱਖਸ ਦੇ ਵਲੰਟੀਅਰਾਂ ਨੇ ਦਿੱਲੀ ਧਰਨੇ ਵਿੱਚ ਜਾ ਰਹੇ ਕਿਸਾਨਾਂ ਦੀ ਦੇਸੀ ਚਾਹ ਦੇ ਕੇ ਵੀ ਸੇਵਾ ਕੀਤੀ।

ਯੂਨਾਈਟਿਡ ਸਿੱਖਸ ਸੰਸਥਾ ਨੇ ਬਿਆਸ ਵਿੱਚ ਵੀ ਕਿਸਾਨਾਂ ਦੇ ਟਰੈਕਟਰਾਂ ਵਿੱਚ ਮੁਫਤ ਤੇਲ ਪਾ ਕੇ ਸੇਵਾ ਕੀਤੀ। ਇੱਥੇ ਸੰਸਥਾ ਨੇ 60-65 ਟਰੈਕਟਰਾਂ ਵਿੱਚ ਮੁਫਤ ਤੇਲ ਪਵਾਇਆ। ਸਾਰੇ ਕਿਸਾਨ ਯੂਨਾਈਟਿਡ ਸਿੱਖਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਯੂਨਾਈਟਿਡ ਸਿੱਖਸ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।

ਯੂਨਾਈਟਿਡ ਸਿੱਖਸ ਸੰਸਥਾ ਦਾ ਕੁੱਲ ਕਿੰਨਾ ਹੋਇਆ ਖਰਚਾ 

ਉਨ੍ਹਾਂ ਦੱਸਿਆ ਕਿ ਬਿਆਸ ਤੋਂ ਦਿੱਲੀ ਨੂੰ ਰਵਾਨਾ ਹੋਣ ਵਾਲੇ ਕੁੱਲ 58 ਵਹੀਕਲਾਂ ਵਿੱਚ 3754.86 ਲੀਟਰ ਡੀਜ਼ਲ ਅਤੇ 22 ਲੀਟਰ ਪੈਟਰੋਲ ਮੁਫਤ ਭਰਿਆ ਗਿਆ, ਜਿਸਦਾ ਕੁੱਲ ਖਰਚਾ 285356.87 ਰੁਪਏ ਆਇਆ। ਯੂਨਾਈਟਿਡ ਸਿੱਖਸ ਨੇ 74 ਵਹੀਕਲਾਂ ਵਿੱਚ 350,556.87 ਰੁਪਏ ਦਾ ਤੇਲ ਮੁਫਤ ਪਾਇਆ ਅਤੇ ਕਿਸਾਨਾਂ ਲਈ ਪਾਣੀ ਦੀਆਂ ਬੋਤਲਾਂ ਦਾ ਵੀ ਇੰਤਜ਼ਾਮ ਕੀਤਾ ਗਿਆ, ਜਿਸ ‘ਤੇ 12 ਹਜ਼ਾਰ ਰੁਪਏ ਖਰਚ ਹੋਏ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਸਰਾ ਜਥਾ ਦਿੱਲੀ ਨੂੰ ਹੋਇਆ ਰਵਾਨਾ

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਸਰਾ ਜਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿੱਲੀ ਨੂੰ ਰਵਾਨਾ ਹੋਇਆ ਹੈ।

ਸੂਬਾ ਲੀਡਰ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਜਥੇ ਵੱਲੋਂ ਸਵੇਰੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ , ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੋਲਡਨ ਗੇਟ ਤੋਂ ਜਥਾ ਰਵਾਨਾ ਹੋਇਆ।

ਬਿਆਸ ਪੁਲ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨਾਲ ਜਥੇ ਦੇ ਵਹੀਕਲਾਂ ਦੀ ਲੰਬਾਈ ਕਈ ਕਿਲੋਮੀਟਰਾਂ ਤੱਕ ਵੱਧ ਗਈ ਅਤੇ ਦੋਰਾਹੇ ਤੋਂ 20 ਕਿਲੋਮੀਟਰ ਲੰਬਾ ਵਹੀਕਲਾਂ ਦਾ ਕਾਫਲਾ ਬਣ ਗਿਆ।

Exit mobile version