‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਬਾਰਡਰਾਂ ‘ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਕਰੀਬ 10 ਮਹੀਨੇ ਪੂਰੇ ਹੋ ਗਏ ਹਨ। ਪਰ ਕੇਂਦਰ ਸਰਕਾਰ ਨੇ ਤਾਂ ਜਿਵੇਂ ਕਿਸਾਨਾਂ ਨੂੰ ਅਣਗੌਲਿਆ ਹੀ ਕਰਕੇ ਰੱਖਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਦੀ ਚੜ੍ਹਦੀਕਲਾ ਲਈ ਨਿੱਤ ਨਵੇਂ ਫੈਸਲੇ ਲਏ ਜਾਂਦੇ ਹਨ ਤਾਂ ਜੋ ਕੇਂਦਰ ਸਰਕਾਰ ਦਾ ਧਿਆਨ ਕਿਸਾਨਾਂ ਦੀਆਂ ਮੰਗਾਂ ਵੱਲ ਕੇਂਦਰਿਤ ਕੀਤਾ ਜਾਵੇ। ਹਾਲਾਂਕਿ, ਕਿਸਾਨਾਂ ਵੱਲੋਂ ਸਰਕਾਰ ਨੂੰ ਖੇਤੀ ਕਾਨੂੰਨਾਂ ਵਿੱਚ ਕੀ ਕਾਲਾ ਹੈ, ਉਹ ਦੱਸਿਆ ਵੀ ਗਿਆ ਹੈ ਪਰ ਸਰਕਾਰ ਫਿਰ ਵੀ ਵਾਰ-ਵਾਰ ਕਿਸਾਨਾਂ ਨੂੰ ਇੱਕੋ ਹੀ ਸਵਾਲ ਪੁੱਛ ਰਹੀ ਹੈ ਕਿ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ।
ਇਸੇ ਲਈ ਹੁਣ ਟਰੈਕਟਰ ਟੂ ਟਵਿੱਟਰ (Tractor2Twitter) ਵੱਲੋਂ ਮੋਦੀ ਸਰਕਾਰ ਦੇ United Nations General Assembly (UNGA) ਦੇ ਚਾਰ ਦਿਨਾ ਦੌਰੇ ਦੌਰਾਨ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ USA ਵਿੱਚ 25 ਸਤੰਬਰ 2021 ਨੂੰ ਹੋਣ ਜਾ ਰਹੇ UNGA ਦੇ 76ਵੇਂ ਸੈਸ਼ਨ ਵਿੱਚ ਭਾਸ਼ਣ ਦਿੱਤਾ ਜਾਣਾ ਹੈ। ਟਰੈਕਟਰ ਟੂ ਟਵਿੱਟਰ ਨੇ ਸਾਰੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਹਰੇਕ ਵਰਗ ਨੂੰ ਇੱਕ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਜਿਸ ਵਿੱਚ ਮੋਦੀ ਨੂੰ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਯਾਦ ਦਿਵਾਈ ਜਾਵੇਗੀ।
ਮੋਦੀ ਨੂੰ ਚੇਤੇ ਕਰਵਾਇਆ ਜਾਵੇਗਾ ਕਿ ਕਿਸਾਨੀ ਅੰਦੋਲਨ ਦੌਰਾਨ 300 ਦਿਨਾਂ ਵਿੱਚ 600 ਕਿਸਾਨਾਂ ਦੀ ਜਾਨ ਚਲੀ ਗਈ ਹੈ। ਮੋਦੀ ਨੂੰ ਸਾਡੀ ਆਵਾਜ਼ ਨੂੰ ਆਪਣੇ ਭਾਸ਼ਣ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ ਤਾਂ ਜੋ ਸਭ ਨੂੰ ਕਿਸਾਨਾਂ ਦੀ ਆਵਾਜ਼ ਪਹੁੰਚੇ।ਟਰੈਕਟ ਟੂ ਟਵਿੱਟਰ ਵੱਲੋਂ ਤਾਂ ਯੂਨਾਈਟਿਡ ਨੇਸ਼ਨ ਦੇ ਨਾਂ ਇੱਕ ਪੋਸਟਰ ਵੀ ਬਣਾਇਆ ਗਿਆ ਹੈ ਜਿਸ ਵਿੱਚ ਯੂਨਾਈਟਿਡ ਨੇਸ਼ਨ ਨੂੰ ਸਵਾਲ ਪੁੱਛਿਆ ਗਿਆ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਭਾਰਤੀ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸੜਕਾਂ ‘ਤੇ ਹਨ ?
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਅਤੇ ਖਪਤਕਾਰਾਂ ਦੀ ਰੋਜ਼ੀ -ਰੋਟੀ ‘ਤੇ ਮਾੜਾ ਪ੍ਰਭਾਵ ਪਾਏਗਾ ਅਤੇ ਕਾਰਪੋਰੇਟ ਏਕਾਧਿਕਾਰ ਬਣਾ ਲਏਗਾ।
ਕਿਸਾਨਾਂ ਨੂੰ ਸੜਕਾਂ ‘ਤੇ ਪ੍ਰਦਰਸ਼ਨ ਕਰਦਿਆਂ 10 ਮਹੀਨੇ ਹੋ ਗਏ ਹਨ ਪਰ ਮੋਦੀ ਸਰਕਾਰ ਕਿਸਾਨਾਂ ਤੋਂ ਬਹੁਤ ਦੂਰ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਮਨੁੱਖੀ ਅਧਿਕਾਰ ਖੋਹ ਲਏ ਗਏ ਹਨ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਕਿਸਾਨ ਕਿਸਾਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰ ਰਹੇ ਹਨ। ਪਾਣੀ, ਬਿਜਲੀ, ਸੀਵਰੇਜ, ਸਵੱਛਤਾ ਦੇ ਬੁਨਿਆਦੀ ਮਨੁੱਖੀ ਅਧਿਕਾਰ ਵੀ ਕਿਸਾਨਾਂ ਤੋਂ ਖੋਹੇ ਗਏ ਹਨ।
ਧਰਨੇ ਵਾਲੀ ਜਗ੍ਹਾ ‘ਤੇ ਇੰਟਰਨੈਟ ਬੰਦ ਕਰ ਦਿੱਤਾ ਗਿਆ, ਕਿਸਾਨਾਂ ਉੱਤੇ ਬੇਬੁਨਿਆਦ ਅਪਰਾਧਿਕ ਦੋਸ਼ ਲਾਏ ਗਏ। ਸੜਕਾਂ ‘ਤੇ ਰਹਿ ਰਹੇ ਕਿਸਾਨਾਂ’ ਤੇ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕੀਤੀ ਗਈ ਪਰ ਕਿਸਾਨਾਂ ਨੇ ਮਹਾਂਮਾਰੀ, ਭਾਰੀ ਮੀਂਹ ਅਤੇ ਗਰਮੀ ਵਿੱਚ ਬਹੁਤ ਜ਼ਿਆਦਾ ਤਾਪਮਾਨ ਦੇ ਖ਼ਿਲਾਫ਼ ਡਟ ਕੇ ਲੜਾਈ ਕੀਤੀ। ਪਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਧਰਨੇ ਵਾਲੀ ਥਾਂ ‘ਤੇ ਭਾਰੀ ਮੀਂਹ ਪੈਣ ਕਾਰਨ ਹਾਲਾਤ ਬਦਤਰ (unhygienic) ਹੋ ਗਏ ਹਨ, ਪ੍ਰਦੂਸ਼ਿਤ ਹੋ ਚੁੱਕਾ ਪਾਣੀ ਚਮੜੀ ਰੋਗਾਂ ਦਾ ਕਾਰਨ ਬਣ ਸਕਦਾ ਹੈ ਅਤੇ ਡੇਂਗੂ ਦੀ ਬਿਮਾਰੀ ਦਾ ਵੀ ਖ਼ਤਰਾ ਹੈ।
ਟਰੈਕਟਰ ਟੂ ਟਵਿੱਟਰ ਨੇ ਸਾਰੇ ਵਿਸ਼ਵ ਦੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਲੀਡਰ ਜਾਗੋ ਅਤੇ ਕਿਸਾਨਾਂ ਦੇ ਲਈ ਸਟੈਂਡ ਲਉ।
ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਾਨੂੰ ਇੱਕ ਵਾਰ ਮੁੜ ਇਸ ਮੁੱਦੇ ਉੱਤੇ ਗੱਲ ਕਰਨੀ ਚਾਹੀਦੀ ਹੈ।
ਟਰੈਕਟਰ ਟੂ ਟਵਿੱਟਰ ਦੇ ਇਸ ਟਵੀਟ ਨੂੰ ਰਿਹਾਨਾ ਨੇ ਰੀਟਵੀਟ (Retweet) ਕਰਕੇ ਕਿਹਾ ਕਿ ਅਸੀਂ ਇਸ ਬਾਰੇ ਕਿਉਂ ਨਹੀਂ ਗੱਲ ਕਰ ਰਹੇ ?
ਟਰੈਕਟਰ ਟੂ ਟਵਿੱਟਰ ਵੱਲੋਂ ਅੱਜ #UN_SaveIndianFarmers ਹੈਸ਼ਟੈਗ ਟਰੈਂਡ ਕੀਤਾ ਜਾ ਰਿਹਾ ਹੈ। ਟਰੈਕਟਰ ਟੂ ਟਵਿੱਟਰ ਵੱਲੋਂ ਵਿਸ਼ਵ ਦੇ ਸਾਰੇ ਲੀਡਰਾਂ ਨੂੰ ਯੂਐੱਨ ਦੀਆਂ ਸਾਰੀਆਂ ਅਧਿਕਾਰਤ ਭਾਸ਼ਾਵਾਂ (Official languages) ਵਿੱਚ ਆਪਣੇ ਸੰਦੇਸ਼ ਭੇਜਿਆ ਹੈ।