‘ਦ ਖ਼ਾਲਸ ਬਿਊਰੋ :- ਯੂਨਾਈਟਿਡ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ। ਦਲ ਦੇ ਸੱਦੇ ‘ਤੇ ਚੰਡੀਗੜ੍ਹ ਪਹੁੰਚੇ ਵਰਕਰ ਉਸੇ ਥਾਂ ਧਰਨੇ ‘ਤੇ ਬੈਠ ਗਏ। ਪ੍ਰਦਰਸ਼ਨਕਾਰੀ ਬਹਿਬਲ ਕੋਟਕਪੂਰਾ ਗੋ ਲੀ ਕਾਂਡ ਦੇ ਕਥਿਤ ਦੋਸ਼ੀਆਂ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ,ਸੁਮੇਧ ਸਿੰਘ ਸੈਣੀ ਸਮੇਤ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਬੇਅਦਬੀ ਗੋ ਲ਼ੀਕਾਂਡ, ਡਰੱਗ ਮਾਫੀਆ ਵਿਰੁੱਧ ਸਪੈਸ਼ਲ ਕੋਰਟਾਂ ਬਣਾ ਕੇ ਰੋਜ਼ਾਨਾ ਸੁਣਵਾਈ ਕਰਨ ਉੱਪਰ ਜ਼ੋਰ ਦਿੱਤਾ।
ਪ੍ਰਦਰਸ਼ਨਕਾਰੀ ਦਲਿਤ ਵਜ਼ੀਫਾ ਘੁਟਾਲੇ ਦੇ ਮੁਲਜ਼ਮ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ,ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਲੁਧਿਆਣਾ ਦੇ ਬੁੱਢੇ ਨਾਲੇ ਦੇ ਨਵੀਨੀਕਰਨ ਵਿੱਚ 650 ਕਰੋੜ ਦੇ ਘਪਲੇ ਦੀ ਜਾਂਚ ਕਰਾਉਣ ,ਬਿਜਲੀ ਬੋਰਡ ਦੇ ਘਪਲਿਆਂ ਦੀ ਜਾਂਚ ਕਰਾਉਣ ਦੀ ਮੰਗ ਵੀ ਕਰ ਰਹੇ ਸਨ। ਇਸ ਮੌਕੇ ਮੁੱਖ ਨੂੰ ਯਾਦ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਦੋਸ਼ ਲਾਇਆ ਗਿਆ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਮਿਲੀ ਹੋਈ ਸੀ, ਜਿਸ ਕਰਕੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਗਈ ਸੀ। ਇਹੋ ਵਜ੍ਹਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਇਹ ਪ੍ਰਭਾਵ ਬਣਨ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਜ੍ਹਾ ਕਰਕੇ ਬਾਦਲਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ।
ਯੂਨਾਈਟਿਡ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਕਾਰਵਾਈ ਕਰਨ ਵਿੱਚ ਦੇਰ ਕੀਤੀ ਤਾਂ ਯੂਨਾਈਟਿਡ ਅਕਾਲੀ ਦਲ ਪੰਜਾਬ ਮੁਕਤੀ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਮਾਮਲਾ ਉਠਾਉਣਗੇ। ਅੱਜ ਦੇ ਰੋਸ ਧਰਨੇ ਵਿਚ ਯੂਨਾਈਟਿਡ ਅਕਾਲੀ ਦਲ ਦੇ ਭਰਵੀਂ ਗਿਣਤੀ ਵਿੱਚ ਪੁੱਜੇ ਆਗੂਆਂ ਅਤੇ ਵਰਕਰਾਂ ਵਿੱਚ ਪਾਰਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਗੁਰਨਾਮ ਸਿੰਘ ਚੰਡੀਗੜ੍ਹ, ਭਾਈ ਜਤਿੰਦਰ ਸਿੰਘ ਈਸੜੂ , ਭਾਈ ਬਹਾਦਰ ਸਿੰਘ ਰਾਹੋਂ ,ਬਾਬਾ ਚਮਕੌਰ ਭਾਈ ਰੂਪਾ , ਪ੍ਰਿੰਸੀਪਾਲ ਪਰਮਜੀਤ ਸਿੰਘ ਮੁਕਤਸਰ , ਨਛੱਤਰ ਸਿੰਘ ਦਬੜੀਖਾਨਾ, ਅੱਛਰ ਸਿੰਘ ਹਮੀਦੀ, ਗੁਰਸੇਵਕ ਸਿੰਘ ਧੂਰਕੋਟ, ਉਂਕਾਰ ਸਿੰਘ ਬਰਾੜ ਕਿਸਾਨ ਆਗੂ , ਗੁਰਪ੍ਰੀਤ ਸਿੰਘ ਲਾਹੌਰੀਆ , ਸੁਖਜੀਤ ਸਿੰਘ ਡਾਲਾ , ਮੇਜਰ ਸਿੰਘ ਮਲੂਕਾ , ਗੁਰਮੀਤ ਸਿੰਘ ਬਜੋਆਣਾ ,ਦਰਸ਼ਨ ਸਿੰਘ ਬੇਗਾ , ਜਸਮਤ ਸਿੰਘ ਬਰਾੜ ,ਹਰਪ੍ਰੀਤ ਸਿੰਘ ਚੰਡੀਗੜ੍ਹ ਆਦਿ ਵਿਸੇਸ਼ ਤੌਰ ਤੇ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਵਪਾਰੀਆਂ ਅਤੇ ਉਦਯੋਗ ਮਹਾਂਸੰਗ(ਭਾਰਤੀ ਆਰਥਿਕ ਪਾਰਟੀ) ਤਰਨ ਜੈਨ ਆਪਣੇ ਸਾਥੀਆਂ ਸਮੇਤ ਹਾਜਰ ਸਨ।