ਹੁਸ਼ਿਆਰਪੁਰ : ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇੰਨਾ ਹੀ ਨਹੀਂ ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗ੍ਰੀਨ ਫੀਲਡ ਹਾਈਵੇਅ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ ਲੰਬਾ ਹੋਵੇਗਾ। ਇਸ ‘ਤੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਹੋ ਜਾਵੇਗੀ। ਇਸ ਨੂੰ ਦਸੰਬਰ 2025 ਤੱਕ ਬਣਾਇਆ ਜਾਵੇਗਾ। ਜਿਸ ਨਾਲ ਹਲਵਾਰਾ ਏਅਰਪੋਰਟ ਨਾਲ ਵੀ ਕਨੈਕਟੀਵਿਟੀ ਹੋਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਮਦਾਸ ਤੱਕ 4 ਮਾਰਗੀ ਹਾਈਵੇਅ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ। ਇਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ। ਲੁਧਿਆਣਾ ਦੇ ਸਮਰਾਲਾ ਚੌਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ ਬਲਕਿ ਉਹ ਊਰਜਾ ਦੇਣ ਵਾਲੇ ਵੀ ਹਨ। ਪਰਾਲੀ ਤੋਂ ਬਾਇਓ ਫਿਊਲ ਤਿਆਰ ਕੀਤਾ ਜਾਵੇਗਾ। ਮੈਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਾਂਗਾ।
ਇਸ ਮੌਕੇ ਇਹ ਸਖਸ਼ੀਅਤਾਂ ਨਹੀਂ ਪਹੁੰਚੀਆਂ
ਗਡਕਰੀ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ, ਹਰਜੋਤ ਬੈਂਸ, ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜਸਬੀਰ ਗਿੱਲ, ਸੁਖਬੀਰ ਬਾਦਲ, ਮੁਹੰਮਦ ਸਦੀਕ, ਸੰਸਦ ਮੈਂਬਰ ਹਰਭਜਨ ਸਿੰਘ, ਰਵਨੀਤ ਬਿੱਟੂ, ਅਸ਼ੋਕ ਮਿੱਤਲ ਅਤੇ ਸੀਚੇਵਾਲ ਨਹੀਂ ਪਹੁੰਚੇ।
ਇਨ੍ਹਾਂ ਪ੍ਰਾਜੈਕਟਾਂ ਵਿੱਚੋਂ ਸਭ ਤੋਂ ਮਹੱਤਵਪੂਰਨ 40 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੁਸ਼ਿਆਰਪੁਰ ਤੋਂ NH 703 A ‘ਤੇ ਸਥਿਤ ਜਲੰਧਰ-ਕਪੂਰਥਲਾ ਸੜਕ ਦਾ 9 ਕਿਲੋਮੀਟਰ ਲੰਬਾ ਚਾਰ ਮਾਰਗੀ ਸੈਕਸ਼ਨ ਹੈ। ਇਸ ਤੋਂ ਇਲਾਵਾ NH 703 A ‘ਤੇ ਸਥਿਤ ਜਲੰਧਰ-ਮੱਖੂ ਰੋਡ ‘ਤੇ 3 ਛੋਟੇ ਪੁਲਾਂ ਦੀ ਮੁਰੰਮਤ ਕੀਤੀ ਜਾਣੀ ਹੈ। ਨਾਲ ਹੀ ਜਲੰਧਰ-ਫਗਵਾੜਾ (NH 44) ਹਾਈਵੇ ‘ਤੇ ਸਥਿਤ ਦਕੋਹਾ ਅੰਡਰਪਾਸ ਦਾ ਉਦਘਾਟਨ ਕੀਤਾ। ਇਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਦਕੋਹਾ ਅਤੇ ਵੜਿੰਗ ਇਲਾਕੇ ਦੇ ਲੋਕਾਂ ਨੂੰ ਹਾਈਵੇਅ ‘ਤੇ ਆਉਣ-ਜਾਣ ‘ਚ ਵੱਡੀ ਸਹੂਲਤ ਮਿਲੇਗੀ।
ਨਿਤਿਨ ਗਡਕਰੀ ਨੇ ਲੁਧਿਆਣਾ ਵਿੱਚ ਜੀਟੀ ਰੋਡ ਅਤੇ ਨੈਸ਼ਨਲ ਹਾਈਵੇਅ 5 ਨੂੰ ਜੋੜਨ ਵਾਲੇ ਚਾਰ ਮਾਰਗੀ ਲਾਡੋਵਾਲ ਬਾਈਪਾਸ ਦਾ ਵੀ ਉਦਘਾਟਨ ਕੀਤਾ। ਲਾਡੋਵਾਲ ਬਾਈਪਾਸ ਦਾ ਨਿਰਮਾਣ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਨੂੰ ਦਿੱਲੀ-ਜਲੰਧਰ ਹਾਈਵੇ (NH 44) ਨਾਲ ਜੋੜੇਗਾ। ਇਸ ਦੌਰਾਨ ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਦੇ ਨਾਲ-ਨਾਲ ਫਗਵਾੜਾ ਹੁਸ਼ਿਆਰਪੁਰ ਨੂੰ ਚਹੁੰ ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਸਫਰ ਦਾ ਸਮਾਂ ਘਟੇਗਾ
ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ ਚਾਰ ਮਾਰਗੀ ਬਣਨ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੰਪਰਕ ਹੋਵੇਗਾ। ਇਹ ਯਾਤਰਾ ਇੱਕ ਘੰਟੇ ਤੋਂ ਘਟ ਕੇ 30 ਮਿੰਟ ਰਹਿ ਜਾਵੇਗੀ। ਬਾਈਪਾਸ ਦੇ ਬਣਨ ਨਾਲ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਭੀੜ-ਭੜੱਕੇ ਤੋਂ ਵੀ ਰਾਹਤ ਮਿਲੇਗੀ। ਹੁਸ਼ਿਆਰਪੁਰ ਦਾ ਨੈਸ਼ਨਲ ਹਾਈਵੇਅ 44 (ਜੀ.ਟੀ. ਰੋਡ) ਨਾਲ ਸਿੱਧਾ ਸੰਪਰਕ ਹੋਵੇਗਾ। ਇਸ ਦੇ ਨਾਲ ਹੀ ਸੇਤੂ ਬੰਧਨ ਯੋਜਨਾ ਤਹਿਤ ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਹ 46 ਕਿੱਲੋਮੀਟਰ ਲੰਬੇ ਜਲੰਧਰ ਬਾਈਪਾਸ ਪ੍ਰੋਜੈਕਟ ਵਿੱਚ ਬਣਾਇਆ ਜਾ ਰਿਹਾ ਹੈ।
9 ਪ੍ਰਾਜੈਕਟ ਬਣਾਏ ਜਾ ਰਹੇ
ਅੰਮ੍ਰਿਤਸਰ, ਕਪੂਰਥਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਕੁੱਲ 9 ਪ੍ਰਾਜੈਕਟ ਬਣਾਏ ਜਾ ਰਹੇ ਹਨ। ਫ਼ਿਰੋਜ਼ਪੁਰ ਬਾਈਪਾਸ ਨੂੰ ਚਾਰ ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਕਰਤਾਰਪੁਰ-ਅੰਮ੍ਰਿਤਸਰ ਵਿਚਕਾਰ ਪਿੰਡ ਗਹਿਰੀ ਮੰਡੀ ਅਤੇ ਤਰਨਤਾਰਨ ਵਿਖੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਸੁਲਤਾਨਪੁਰ ਲੋਧੀ-ਮੱਖੂ ’ਤੇ ਦੋ ਮਾਰਗੀ ਰੇਲਵੇ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ।