ਬਿਊਰੋ ਰਿਪੋਰਟ (12 ਨਵੰਬਰ, 2025): ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਚੱਲ ਰਹੇ ਪ੍ਰਦਰਸ਼ਨ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚੇ ਲੋਕਾਂ ਦਾ ਕੰਮ ਸਿਰਫ਼ ਅੱਗ ਲਗਾਉਣਾ ਹੀ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਦਰਸ਼ਨ ਵਿੱਚ ਵਾਰ-ਵਾਰ ਉਹੀ ਲੋਕ ਦਿਖਾਈ ਦਿੰਦੇ ਹਨ। ਭਾਵੇਂ ਲੁਧਿਆਣਾ ਵਿੱਚ ਬੁੱਢੇ ਦਰਿਆ ਦਾ ਮਾਮਲਾ ਹੋਵੇ ਜਾਂ ਕੋਈ ਹੋਰ, ਉੱਥੇ ਉਹੀ ਲੋਕ ਹੁੰਦੇ ਹਨ। ਕੋਈ ਘੋੜੇ ’ਤੇ ਆ ਰਿਹਾ ਸੀ ਤਾਂ ਕੋਈ ਖੱਚਰ ’ਤੇ।
ਰਵਨੀਤ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੀ ਮੋਰਚੇ ਨਾਲ ਸਬੰਧਿਤ ਵਿਦਿਆਰਥੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਦਰਸ਼ਨ ਤਾਂ ਉਨ੍ਹਾਂ ਦਾ ਰਿਹਾ ਹੀ ਨਹੀਂ ਸੀ। “ਅਸੀਂ ਇੱਕ ਸਟੇਜ ਲਗਾਈ, ਪਰ ਇੱਥੇ ਕਈ ਸਟੇਜਾਂ ਲੱਗ ਗਈਆਂ।” ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਆਪਣੇ ਨਾਲ ਆਪਣੇ ਸਪੀਕਰ ਮਾਈਕ ਲੈ ਕੇ ਆਏ ਸਨ ਅਤੇ ਸਟੇਜ ਚਲਾ ਰਹੇ ਸਨ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੈਨੇਟ ਤੇ ਜੋ ਫੈਸਲਾ ਲਿਆ ਗਿਆ ਸੀ, ਉਹ ਯੂਨੀਵਰਸਿਟੀ ਦੇ ਹਿੱਤ ਵਿੱਚ ਸੀ। ਉਨ੍ਹਾਂ ਕਿਹਾ ਕਿ ਹੁਣ ਹੋ ਕੀ ਰਿਹਾ ਹੈ ਕਿ ਇੱਥੇ ਨਾ ਤਾਂ ਪ੍ਰੋਫੈਸਰ ਰੱਖੇ ਜਾ ਰਹੇ ਹਨ ਅਤੇ ਨਾ ਹੀ ਕੁਝ ਨਵਾਂ ਹੋ ਰਿਹਾ ਹੈ। ਪੰਜਾਬ ਸਰਕਾਰ ਤਾਂ ਇੱਥੇ ਪੈਸੇ ਤੱਕ ਨਹੀਂ ਦੇ ਰਹੀ ਹੈ। ਕੇਂਦਰ ਨੇ ਇਸ ਨੂੰ ਠੀਕ ਕਰਨ ਦਾ ਮਨ ਬਣਾਇਆ ਸੀ। ਪਰ ਹੁਣ ਜਦੋਂ ਵਿਦਿਆਰਥੀ ਹੀ ਸਾਹਮਣੇ ਆ ਗਏ ਹਨ ਤਾਂ ਉਨ੍ਹਾਂ ਵੱਲੋਂ ਸੰਘਰਸ਼ ਵਾਪਸ ਲੈ ਲਿਆ ਗਿਆ ਹੈ।

