India

ਦਿੱਲੀ ਹਵਾਈ ਅੱਡੇ ਪਹੁੰਚੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ, ਜ਼ਖਮੀਆਂ ਅਤੇ ਮ੍ਰਿਤਕਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਦਾ ਇੱਕ ਹਿੱਸਾ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਕਾਰਨ ਡਿੱਗ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਵੀ ਹੋਏ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਮੀਡੀਆ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, “ਇਹ ਢਾਂਚਾ 2009 ਵਿੱਚ ਬਣਾਇਆ ਗਿਆ ਸੀ ਅਤੇ ਅਸੀਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਵੀ ਆਪਣੇ ਪਾਸਿਓਂ ਜਾਂਚ ਕਰਨ ਲਈ ਕਿਹਾ ਹੈ। ਅਸੀਂ ਸਭ ਕੁਝ ਉਨ੍ਹਾਂ ‘ਤੇ ਨਹੀਂ ਛੱਡ ਰਹੇ ਹਾਂ। ਮੰਤਰਾਲੇ ਦੀ ਤਰਫੋਂ ਡੀ.ਜੀ.ਸੀ.ਏ. ਸੁਰੱਖਿਆ ਦੀ ਨਿਗਰਾਨੀ ਵੀ ਕਰਦਾ ਹੈ, ਇਸ ਜਾਂਚ ਦਾ ਹਿੱਸਾ ਵੀ ਹੋਵੇਗਾ ਅਤੇ ਸਾਨੂੰ ਰਿਪੋਰਟ ਦੇਵੇਗਾ।

ਜ਼ਖਮੀਆਂ ਤੇ ਮ੍ਰਿਤਕਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਅਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ। ਮ੍ਰਿਤਕਾਂ ਲਈ 20 ਲੱਖ ਰੁਪਏ ਅਤੇ ਜ਼ਖਮੀਆਂ ਲਈ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ “ਮੰਤਰਾਲੇ ਦੀ ਤਰਫੋਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਨਾ ਸਿਰਫ ਇਹ ਹਵਾਈ ਅੱਡਾ ਬਲਕਿ ਦੇਸ਼ ਭਰ ਦੇ ਹਰ ਹਵਾਈ ਅੱਡੇ ‘ਤੇ ਅਜਿਹੇ ਢਾਂਚੇ ਹਨ, ਅਸੀਂ ਉਨ੍ਹਾਂ ਨੂੰ ਦੁਬਾਰਾ ਦੇਖਾਂਗੇ ਅਤੇ ਅਜਿਹੇ ਸਾਰੇ ਹਵਾਈ ਅੱਡਿਆਂ ਦੀ ਜਾਂਚ ਕਰਾਂਗੇ।

ਉਨ੍ਹਾਂ ਨੇ ਕਿਹਾ ਕਿ ਟਰਮੀਨਲ ਦੀ ਬਾਕੀ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਦੱਸ ਦਈਏ ਕਿ ਅੱਜ ਦਿੱਲੀ ਵਿੱਚ ਤੜਕੇ ਭਾਰੀ ਮੀਂਹ ਦੌਰਾਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਗਈ। ਸਮਾਚਾਰ ਏਜੰਸੀ ਪੀਟੀਆਈ ਅਤੇ ਏਐਨਆਈ ਮੁਤਾਬਕ ਛੱਤ ਡਿੱਗਣ ਕਾਰਨ 6 ਲੋਕ ਜ਼ਖਮੀ ਹੋਏ ਹਨ। ਇਹ ਛੱਤ ਵਾਹਨਾਂ ਅਤੇ ਟੈਕਸੀਆਂ ‘ਤੇ ਡਿੱਗੀ, ਜਿਸ ‘ਚ ਕੁਝ ਲੋਕ ਦੱਬੇ ਵੀ ਗਏ।