Punjab

ਲੁਧਿਆਣਾ ‘ਚ ਯਾਤਰੀ ਟ੍ਰੇਨ ‘ਤੇ ਅਣਪਛਾਤਿਆਂ ਨੇ ਕੀਤੀ ਪੱਥਰਬਾਜ਼ੀ, 8 ਸਾਲ ਦੇ ਬੱਚੇ ਦਾ ਹੋਇਆ ਇਹ ਹਾਲ

Unidentified persons pelted stones on a passenger train in Ludhiana, stones hit an 8-year-old child on the head.

ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਦੇਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਯਾਤਰੀ ਟਰੇਨ ‘ਤੇ ਪਥਰਾਅ ਕੀਤਾ। ਇਸ ਪਥਰਾਅ ਵਿੱਚ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਟਰੇਨ ‘ਚ ਮੌਜੂਦ ਸਟਾਫ ਦੀ ਮਦਦ ਨਾਲ ਮੁੱਢਲੀ ਸਹਾਇਤਾ ਦਿੱਤੀ ਗਈ। ਪਰ ਖੂਨ ਇੰਨਾ ਵਹਿ ਗਿਆ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਮਹਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਬੱਚੇ ਦੀ ਪਛਾਣ ਧਰੁਵ (8) ਵਜੋਂ ਹੋਈ ਹੈ।

ਮਾਸੂਮ ਧਰੁਵ ਦਾ ਇਲਾਜ ਕਰ ਰਹੇ ਡਾਕਟਰ ਰਵੀ ਨੇ ਦੱਸਿਆ ਕਿ ਪੱਥਰ ਇੰਨੀ ਤੇਜ਼ ਰਫਤਾਰ ਨਾਲ ਮਾਰਿਆ ਗਿਆ ਹੈ ਕਿ ਬੱਚੇ ਦੇ ਸਿਰ ਦੀ ਟੈਂਪੋਰਲ ਹੱਡੀ ਟੁੱਟ ਗਈ ਹੈ। ਇਹ ਹੱਡੀ ਕੰਨ ਦੇ ਬਿਲਕੁਲ ਉੱਪਰ ਹੁੰਦੀ ਹੈ। ਪਰਿਵਾਰ ਮੁਤਾਬਕ ਟਰੇਨ ‘ਤੇ ਦੋ ਵਾਰ ਪਥਰਾਅ ਕੀਤਾ ਗਿਆ, ਬੱਚਾ ਪਹਿਲੀ ਵਾਰ ‘ਤਾਂ ਬਚ ਗਿਆ ਪਰ ਦੂਜੀ ਵਾਰ ਉਸ ਦੀ ਖੋਪੜੀ ਫਰੈਕਚਰ ਹੋ ਗਈ। ਬੱਚੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਬੱਚਾ ਅਜੇ ਵੀ ਬੇਹੋਸ਼ ਹੈ। ਹੋਸ਼ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਬੱਚੇ ਦਾ ਪਰਿਵਾਰ ਟਰੇਨ ਵਿੱਚ ਯਮੁਨਾਨਗਰ ਤੋਂ ਫ਼ਿਰੋਜ਼ਪੁਰ ਜਾ ਰਿਹਾ ਸੀ। ਬੱਚੇ ਦੇ ਚਾਚਾ ਇੰਦਰ ਮੋਹਨ ਨੇ ਦੱਸਿਆ ਕਿ ਜਿਵੇਂ ਹੀ ਉਹ ਮਾਡਲ ਵਿਲੇਜ ਸਟੇਸ਼ਨ ਪਾਰ ਕਰਕੇ ਬੱਦੋਵਾਲ ਵੱਲ ਜਾਣ ਲੱਗੇ ਤਾਂ ਇਸ ਦੌਰਾਨ ਕਿਸੇ ਨੇ ਬਾਹਰੋਂ ਰੇਲ ਗੱਡੀ ’ਤੇ ਪਥਰਾਅ ਕਰ ਦਿੱਤਾ। ਪਹਿਲਾ ਪੱਥਰ ਟਰੇਨ ‘ਤੇ ਲੱਗਾ। ਇਸੇ ਦੌਰਾਨ ਇੱਕ ਹੋਰ ਪੱਥਰ ਆ ਗਿਆ ਜੋ ਉਸ ਦੇ ਭਤੀਜੇ ਧਰੁਵ ਦੇ ਸਿਰ ਵਿੱਚ ਵੱਜਿਆ।ਇਸ ‘ਤੋਂ ਬਾਅਦ ਬੱਦੋਵਾਲ ਸਟੇਸ਼ਨ ਤੋਂ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ‘ਚ ਪਹਿਲਾਂ ਵੀ ਕਈ ਵਾਰ ਰੇਲ ਗੱਡੀਆਂ ‘ਤੇ ਪਥਰਾਅ ਕੀਤੇ ਜਾ ਚੁੱਕੇ ਹਨ। ਇਹ ਪੱਥਰਬਾਜ਼ੀ ਕੁਝ ਸਮੇਂ ਲਈ ਰੁਕ ਗਈ ਸੀ ਪਰ ਹੁਣ ਸ਼ਰਾਰਤੀ ਅਨਸਰ ਮੁੜ ਸਰਗਰਮ ਹੋ ਗਏ ਹਨ। ਪਥਰਾਅ ਦੇ ਮਾਮਲੇ ਸਬੰਧੀ ਲੁਧਿਆਣਾ ਦੇ RPF ਕਮਾਂਡਰ ਸੈਲੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਸੂਚਨਾ ਨਹੀਂ ਮਿਲੀ ਹੈ।