Punjab

ਬੇਕਾਬੂ ਬੱਸ ਨੇ 7 ਲੋਕਾਂ ਨੂੰ ਕੁਚਲਿਆ! ਇੱਕ ਔਰਤ ਦੀ ਲੱਤ ਟੁੱਟੀ, ਮਾਂ-ਧੀ ਜ਼ਖ਼ਮੀ

ਬਿਊਰੋ ਰਿਪੋਰਟ (ਲੁਧਿਆਣਾ, 11 ਦਸੰਬਰ 2025): ਲੁਧਿਆਣਾ ਵਿੱਚ ਵੀਰਵਾਰ ਦੁਪਹਿਰ ਨੂੰ ਬੱਸ ਸਟੈਂਡ ਦੇ ਨੇੜੇ ਭੀੜ ਵਾਲੇ ਇਲਾਕੇ ਵਿੱਚ ਇੱਕ ਬੱਸ ਬੇਕਾਬੂ ਹੋ ਗਈ। ਤੇਜ਼ ਰਫ਼ਤਾਰ ਬੱਸ ਨੇ ਇੱਕ ਈ-ਰਿਕਸ਼ਾ ਅਤੇ ਇੱਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਬਾਈਕ ਸਵਾਰ ਅਤੇ ਈ-ਰਿਕਸ਼ਾ ਦੇ ਕੋਲ ਖੜ੍ਹੇ ਕਈ ਲੋਕ ਕੁਚਲੇ ਗਏ।

ਇਸ ਦਰਦਨਾਕ ਹਾਦਸੇ ਵਿੱਚ ਕੁੱਲ 7 ਲੋਕ ਜ਼ਖ਼ਮੀ ਹੋਏ ਹਨ। ਜ਼ਖਮੀਆਂ ਵਿੱਚ ਇੱਕ ਮਾਂ-ਧੀ ਵੀ ਸ਼ਾਮਲ ਹਨ, ਜਦਕਿ ਇੱਕ ਔਰਤ ਦੀ ਲੱਤ ਟੁੱਟਣ ਦੀ ਖ਼ਬਰ ਹੈ। ਇੱਕ ਹੋਰ ਨੌਜਵਾਨ ਦੇ ਹੱਥ ਅਤੇ ਪੈਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਬੱਸ ਦੇ ਬ੍ਰੇਕ ਫੇਲ੍ਹ ਹੋਣਾ ਸਾਹਮਣੇ ਆਇਆ ਹੈ।

ਪੁਲਿਸ ਨੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਫੜ੍ਹਨ ਤੋਂ ਬਾਅਦ ਹੀ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।